ਜ਼ਿਮਨੀ ਚੋਣਾਂ 'ਚ ਸੂਬਾ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਬਿਲਾਸਪੁਰੀ, ਪੰਡੋਰੀ

09/23/2019 2:24:27 PM

ਨਾਭਾ (ਜਗਨਾਰ)—ਪੰਜਾਬ 'ਚ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਜਲਦੀ ਕਰੇਗੀ।ਇਹ ਵਿਚਾਰ ਨਾਭਾ ਪਹੁੰਚੇ ਆਮ ਆਦਮੀ ਪਾਰਟੀ ਐੱਸ.ਸੀ., ਐੱਸ.ਟੀ. ਸੈੱਲ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਅਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੌਰੀ ਨੇ ਗੱਲਬਾਤ ਦੌਰਾਨ ਕਹੇ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ 'ਚ ਸੂਬਾ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਬਿਲਾਸਪੁਰੀ ਅਤੇ ਪੰਡੋਰੀ ਨੇ ਅੱਗੇ ਕਿਹਾ ਕਿ ਪਹਿਲਾਂ 10 ਸਾਲ ਲਗਾਤਾਰ ਅਕਾਲੀ ਭਾਜਪਾ ਦੇ ਰਾਜ ਸਮੇਂ ਸੂਬੇ ਦੇ ਲੋਕਾਂ ਨੇ ਸੰਤਾਪ ਭੋਗਿਆ ਅਤੇ ਹੁਣ ਪਿਛਲੇ ਕਰੀਬ ਢਾਈ ਸਾਲ ਤੋਂ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ 'ਚ ਵੀ ਲੋਕ ਸੰਤਾਪ ਭੋਗਣ ਲਈ ਮਜਬੂਰ ਹਨ, ਕਿਉਂ ਜੋ ਕਾਂਗਰਸ ਨੇ ਚੋਣਾਂ ਤੋਂ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਕਾਰਨ ਅੱਜ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸੀਆਂ ਕਰ ਲਈ ਮਜਬੂਰ ਹੈ, ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦੀ ਹੋੜ 'ਚ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਸਰਕਾਰ ਵਲੋਂ ਲਏ ਜਾ ਰਹੇ ਭਾਰੀ ਟੈਕਸਾਂ ਤੇ ਮਹਿੰਗੀ ਬਿਜਲੀ ਕਾਰਨ ਸਾਡੀ ਇੰਡਸਟਰੀਜ ਬਾਹਰਲੇ ਰਾਜਾਂ 'ਚ ਜਾਣ ਲਈ ਮਜਬੂਰ ਹੈ ਅਤੇ ਵਪਾਰ ਵੀ ਬਿਲਕੁੱਲ ਠੱਪ ਹੋਇਆ ਪਿਆ ਹੈ, ਜਿਸ ਲਈ ਕੇਂਦਰ ਅਤੇ ਪੰਜਾਬ  ਸਰਕਾਰ ਦੋਨੋਂ ਹੀ ਜ਼ਿੰਮੇਵਾਰ ਹਨ।ਇਸ ਮੌਕੇ ਯੂਥ ਵਿੰਗ ਜ਼ਿਲਾ ਪਟਿਆਲਾ ਦੇ ਪ੍ਰਧਾਨ ਅਤੇ ਹਲਕਾ ਨਾਭਾ ਦੇ ਜੁਝਾਰੂ ਆਗੂ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ 'ਚ ਬੁਰੀ ਤਰ੍ਹਾਂ ਫੇਲ ਹੋਈਆਂ ਹਨ, ਜਦੋਂਕਿ ਗਊ ਸੈਸ ਦੇ ਨਾਮ ਤੇ ਕਰੋੜਾਂ ਰੁਪਏ ਇਨ੍ਹਾਂ ਸਰਕਾਰਾਂ ਵਲੋਂ ਇਕੱਠਾ ਕੀਤਾ ਜਾ ਰਿਹਾ ਹੈ।|ਇਸ ਮੌਕੇ ਆਈ.ਟੀ.ਵਿੰਗ ਪੰਜਾਬ ਦੇ ਆਗੂ ਰਮਨਜੀਤ ਸਿੰਘ ਖੱਟੜਾ ਵੀ ਹਾਜ਼ਰ ਸਨ।

Shyna

This news is Content Editor Shyna