ਕਾਰੋਬਾਰ ''ਚ ਘਾਟਾ ਪੈਣ ''ਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ

07/17/2018 3:41:03 PM

ਭਵਾਨੀਗੜ੍ਹ(ਵਿਕਾਸ)— ਸੰਗਰੂਰ ਵਿਚ ਦੁੱਧ ਦੇ ਕਾਰੋਬਾਰ 'ਚ ਘਾਟਾ ਪੈ ਜਾਣ ਤੋਂ ਪਰੇਸ਼ਾਨ ਇਕ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਵਤਾਰ ਦਾਸ (35) ਪੁੱਤਰ ਮਾੜਾ ਦਾਸ ਵਾਸੀ ਪਿੰਡ ਭੱਟੀਵਾਲ ਕਲਾਂ ਜੋ ਭਵਾਨੀਗੜ੍ਹ ਅਤੇ ਨੇੜਲੇ ਇਲਾਕਿਆਂ ਵਿਚ ਦੁੱਧ ਸਪਲਾਈ ਦਾ ਕੰਮ ਕਰਦਾ ਸੀ, ਨੇ ਕਾਰੋਬਾਰ 'ਚ ਘਾਟਾ ਪੈਣ ਕਾਰਨ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ।
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਅਵਤਾਰ ਦਾਸ ਨੂੰ ਪਿੰਡ ਦੀ ਹੀ ਨਹਿਰ ਕੋਲ ਗੰਭੀਰ ਹਾਲਤ 'ਚ ਡਿੱਗੇ ਹੋਏ ਦੇਖਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਅਵਤਾਰ ਨੂੰ ਇਲਾਜ ਲਈ ਪਹਿਲਾਂ ਭਵਾਨੀਗੜ੍ਹ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਬਾਅਦ ਵਿਚ ਉਸ ਨੂੰ ਪਟਿਆਲਾ ਵਿਖੇ ਇਕ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਛੱਡ ਗਿਆ ਹੈ।