ਕਿਸਾਨ ਜੱਥੇਬੰਦੀ ਰਾਜੋਵਾਲਾ ਵਲੋਂ ਖੇਤੀ ਆਰਡੀਨੈਂਸ ਬਿੱਲ ਦੀਆਂ ਸਾੜੀਆਂ ਗਈਆਂ ਕਾਪੀਆਂ

08/15/2020 5:56:58 PM

ਫਰੀਦਕੋਟ(ਜਗਤਾਰ ਦੁਸਾਂਝ) — ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸੋਧ ਬਿੱਲ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਪੰਜਾਬ ਵਿਚ ਆਪਣਾ ਰੋਸ ਜ਼ਾਹਰ ਕਰ ਰਹੀਆਂ ਹਨ। ਕਿਸਾਨਾਂ ਵਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਬਿੱਲ ਨੂੰ ਵਾਪਸ ਲਿਆ ਜਾਵੇ। ਪੰਜਾਬ ਵਿਚ ਕਿਸਾਨ ਲਗਾਤਾਰ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਅੱਜ ਫਰੀਦਕੋਟ ਵਿਚ ਬੀਕੇਯੂ ਰਾਜੋਵਾਲਾ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਫਾਰਮਿੰਗ ਆਰਡੀਨੈਂਸ ਬਿੱਲ ਦੀਆਂ ਕਾਪੀਆਂ ਨੂੰ ਸਾੜਿਆ ਗਿਆ। ਇਸ ਦੌਰਾਨ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਆਰਡੀਨੈਂਸ ਦੇ ਖਿਲਾਫ ਅੱਜ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਬਲਾਕਾਂ- ਕੋਟਕਪੂਰਾ, ਜੈਤੋ ਅਤੇ ਫਰੀਦਕੋਟ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ।

ਬੀ.ਕੇ.ਯੂ ਰਾਜੋਵਾਲ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਖੇਤੀਬਾੜੀ ਖੋਜ ਬਿੱਲ ਲਿਆਉਣ ਵਾਲੀ ਕੇਂਦਰ ਸਰਕਾਰ ਦੁਆਰਾ ਸਿੱਧੇ ਤੌਰ 'ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਇਸ ਨਾਲ ਕਿਸਾਨ ਬਰਬਾਦੀ ਵੱਲ ਜਾ ਰਹੇ ਹਨ। ਜੇ ਸਰਕਾਰ ਮੰਡੀਕਰਨ ਖ਼ਤਮ ਕਰਦੀ ਹੈ ਤਾਂ ਐਮ.ਐਸ.ਪੀ. ਆਪਣੇ ਆਪ ਖਤਮ ਹੋ ਜਾਵੇਗੀ। ਐਮ.ਐਸ.ਪੀ ਸਿਰਫ ਦੋ ਫਸਲਾਂ 'ਤੇ ਹੀ ਕਿਸਾਨਾਂ ਨੂੰ ਉਪਲਬਧ ਹੁੰਦੀ ਹੈ। 
ਦੂਜੇ ਪਾਸੇ ਇਕ ਗਰੀਬ ਕਿਸਾਨ ਕਿਵੇਂ ਆਪਣੀ ਫਸਲ ਲੈ ਜਾ ਕੇ ਵੇਚ ਸਕਦਾ ਹੈ ਕਿਉਂਕਿ ਉਸ ਦੇ ਕੋਲ ਤਾਂ ਸਾਧਨ ਹੀ ਨਹੀਂ ਹਨ। ਹੁਣ ਜਦੋਂ ਵੱਡੇ ਘਰਾਣੇ ਕਿਸਾਨਾਂ ਦੀ ਫਸਲ ਸਟੋਰ ਕਰਨਗੇ ਅਤੇ ਆਪਣੀ ਮਰਜ਼ੀ ਦੀ ਕੀਮਤ 'ਤੇ ਫਸਲ ਵੇਚਣਗੇ। ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੌਰ 'ਤੇ ਮਰ ਰਿਹਾ ਹੈ। ਇਸ ਨਾਲ ਹੋਰ ਬਰਬਾਦ ਹੋ ਜਾਵੇਗਾ। ਅਜਿਹਾ ਅਸੀਂ ਨਹੀਂ ਹੋਣ ਦਿਆਂਗੇ ਅਤੇ ਇਸ ਦਾ ਵਿਰੋਧ ਕਰਾਂਗੇ।


Harinder Kaur

Content Editor

Related News