ਪੰਜਾਬ ਦੀ ਜਨਤਾ ਧੱਕੇਸ਼ਾਹੀਆਂ ਦਾ ਜਵਾਬ 2022 ਚ ਦੇਵੇਗੀ: ਜੱਸੀ ਸੋਹੀਆਂਵਾਲਾ

01/11/2020 3:57:02 PM

ਨਾਭਾ (ਜਗਨਾਰ): ਪੰਜਾਬ ਦਾ ਜਦੋਂ ਵੀ ਕੋਈ ਵਰਗ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਨੂੰ ਹੱਕ ਮਿਲਣ ਦੀ ਥਾਂ ਡਾਂਗਾਂ ਤੇ ਪਾਣੀਆਂ ਬੁਛਾਰਾਂ ਨਾਲ ਦਬਾਉਣ ਦੀ ਸਰਕਾਰ ਵਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਸੂਬੇ ਦੀ ਜਨਤਾ ਤਰਾਹ-ਤਰਾਹ ਕਰ ਰਹੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਆਗੂ ਜੱਸੀ ਸੋਹੀਆਂਵਾਲਾ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਜਿੱਥੇ ਆਪਣਾ ਹੱਕ ਮੰਗ ਰਹੇ ਅਧਿਆਪਕਾਂ ਤੇ ਡਾਂਗਾਂ ਵਰਾਈਆਂ ਗਈਆਂ ਸਨ, ਉਥੇ ਹੀ ਕੱਲ ਉਸੇ ਤਰ੍ਹਾਂ ਪੰਜਾਬ ਦੀ ਜਨਤਾ ਦੀ ਆਵਾਜ਼ ਅਤੇ ਬਿਜਲੀ ਦੇ ਬਿਲਾਂ 'ਚ ਕੀਤੇ ਵਾਧੇ ਨੂੰ ਲੈ ਕੇ ਸਰਕਾਰ ਤੱਕ ਪਹੁੰਚਾਉਣ ਲਈ ਜੋ ਆਮ ਆਦਮੀ ਪਾਰਟੀ ਦੇ ਵਰਕਰ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਦੀ ਅਗਵਾਈ 'ਚ ਚੰਡੀਗੜ੍ਹ•ਵਿਖੇ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਤਾਂ ਮੁੱਖ ਮੰਤਰੀ ਨੇ ਮੰਗ ਪੱਤਰ ਤਾਂ ਕੀ ਲੈਣਾ ਸੀ, ਸਗੋਂ ਕੜਕਦੀ ਠੰਢ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਠੰਡੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ, ਜਿਸ ਨਾਲ ਕਈ ਵਰਕਰ ਗੰਭੀਰ ਜ਼ਖਮੀ ਵੀ ਹੋ ਗਏ ਹਨ।

 ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਇਨ੍ਹਾਂ ਧੱਕੇਸ਼ਾਹੀਆਂ ਦਾ ਜਵਾਬ ਸੂਬੇ ਦੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਉਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਰਿਕਾਰਡ ਤੋੜ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਸੱਤਾ ਦੀ ਚਾਬੀ ਦੇਣ ਜਾ ਰਹੀ ਹੈ, ਇਸ ਕਰਕੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਪੰਜਾਬ ਅੰਦਰ ਵੀ ਵਿਧਾਨ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲੇਗਾ।ਇਸ ਮੌਕੇ ਹਰਦੀਪ ਸਿੰਘ, ਬਿਕਰਮਜੀਤ ਸਿੰਘ ਵਿੱਕੀ,  ਲਾਡੀ ਖਹਿਰਾ ਆਦਿ ਮੌਜੂਦ ਸਨ।


Shyna

Content Editor

Related News