ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਈਆਂ ਜਾ ਰਹੀਆਂ ਨੇ ਇਮਾਰਤਾਂ

09/19/2018 6:32:56 AM

ਬਠਿੰਡਾ, (ਅਬਲੂ)- ਨਗਰ ਨਿਗਮ ਬਠਿੰਡਾ ਦੇ ਅਧੀਨ ਸ਼ਹਿਰ ਦੀ ਸਭ ਤੋਂ ਮਹਿੰਗੀ ਅਤੇ ਵਪਾਰਕ ਜਗ੍ਹਾ ’ਤੇ ਸਾਰੇ ਕਾਇਦੇ ਕਾਨੂੰਨ ਛਿੱਕੇ ’ਤੇ ਟੰਗ ਕੇ ਆਲੀਸ਼ਾਨ ਵਪਾਰਕ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਵਿਚ ਇਕ ਨਗਰ ਨਿਗਮ ਦੇ ਅਧਿਕਾਰੀ ਦਾ ਹੱਥ ਹੋਣ ਦੀ ਚਰਚਾ ਜ਼ੋਰਾਂ ’ਤੇ ਹੈ। 
ਜ਼ਿਕਰਯੋਗ ਹੈ ਕਿ ਇਸ ਅਧਿਕਾਰੀ ਦੇ ਖਿਲਾਫ ਇਕ ਕਾਂਗਰਸੀ  ਨੇਤਾ ਅਤੇ ਸੋਸ਼ਲ ਵਰਕਰ ਸੁਖਦੇਵ ਸਿੰਘ ਰਾਮਗਡ਼੍ਹੀਆ ਨੇ ਪ੍ਰੈੱਸ ਵਾਰਤਾ ਕਰ ਕੇ  ਦੁਹਾਈ ਵੀ ਪਾਈ ਗਈ ਸੀ ਪਰ ਇਸ ਅਧਿਕਾਰੀ ਦੀਆਂ ਤਾਰਾਂ ਕਾਂਗਰਸ ਹਾਈਕਮਾਨ ਨਾਲ ਜੁਡ਼ੀਆਂ ਦੱਸੀਆਂ ਜਾ ਰਹੀਆਂ ਹਨ, ਜਿਸ ਕਰ ਕੇ ਇਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ‘ਜਗ ਬਾਣੀ’ ਦੀ ਟੀਮ ਵੱਲੋਂ ਲੋਕਾਂ ਦੇ ਦੱਸਣ ਮੁਤਾਬਕ ਇਨ੍ਹਾਂ ਬਣ ਰਹੀਆਂ ਇਮਾਰਤਾਂ ਨੂੰ ਅੱਖੀਂ ਦੇਖਿਆ  ਗਿਅਾ ਅਤੇ ਆਪਣੇ ਕੈਮਰੇ ਵਿਚ ਕੈਦ ਕੀਤਾ। 
ਕਿੱਥੇ-ਕਿੱਥੇ ਬਣ ਰਹੀਆਂ ਨੇ ਇਮਾਰਤਾਂ  
F ਬਠਿੰਡਾ ਦੀ ਅਮਰੀਕ ਸਿੰਘ ਰੋਡ ’ਤੇ ਸਟੇਟ ਬੈਂਕ ਆਫ ਪਟਿਆਲਾ ਦੇ ਜ਼ੋਨਲ ਆਫਿਸ ਦੇ ਨਾਲ ਇਕ ਬਿਲਡਿੰਗ ਬਣਾਈ ਗਈ ਹੈ, ਜਿਸ ਦਾ ਨਕਸ਼ਾ ਪਾਸ ਕਿਵੇਂ ਹੋਇਅਾ, ਇਹ ਕੋਈ ਨਹੀਂ ਜਾਣਦਾ। ਕਾਨੂੰਨ ਮੁਤਾਬਕ ਇਸ ਦੇ ਅੱਗੇ 15 ਫੁੱਟ ਜਗ੍ਹਾ ਛੱਡਣੀ ਜ਼ਰੂਰੀ ਹੁੰਦੀ ਹੈ ਪਰ ਨਹੀਂ ਛੱਡੀ ਗਈ।
 F ਕਿਲਾ ਮੁਬਾਰਕ ਦੇ ਕੋਲ ਦੋ ਦੁਕਾਨਾਂ ਬਣਾਈਆਂ ਗਈਆਂ ਜੋ ਕਾਨੂੰਨ ਦੇ ਮੁਤਾਬਕ 100 ਮੀਟਰ ਦੇ ਏਰੀਏ  ’ਚ ਨਹੀਂ ਬਣਾਈਆਂ ਜਾ ਸਕਦੀਆਂ।
 F ਨਾਮਦੇਵ ਰੋਡ ਤੋਂ ਭੱਟੀ ਰੋਡ ’ਤੇ ਇਕ ਪਬਲਿਕ ਲਈ ਛੱਡਿਆ ਗਿਆ ਪਾਰਕ, ਜਿਸ ਦੀ ਜਗ੍ਹਾ ’ਤੇ ਇਮਾਰਤ ਉਸਾਰੀ ਗਈ ਹੈ ਜੋ ਬਿਲਕੁਲ ਨਾਜਾਇਜ਼ ਹੈ ਅਤੇ ਇਸਨੂੰ ਕਈ ਵਾਰ  ਚਰਚਾ ਹੋਣ ਕਰ ਕੇ ਰੋਕਿਆ ਵੀ ਗਿਆ ਸੀ ਪਰ ਫਿਰ ਮਿਲੀਭੁਗਤ ਕਰ ਕੇ ਬਣਵਾ ਦਿੱਤੀ ਗਈ।
 F ਬਾਹੀਆ ਫੋਰਟ ਦੇ ਪਿੱਛੇ ਇਕ ਸ਼ੋਅਰੂਮ ਬਣਾਇਆ ਗਿਆ, ਜਿਸ ਵਿਚ ਕੋਈ ਕਾਇਦੇ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ ਗਈ ਅਤੇ ਬੇਰੋਕ-ਟੋਕ ਬਣਾਈ ਜਾ ਰਹੀ ਹੈ।
 F ਪਰਸਰਾਮ ਨਗਰ  ਚੌਕ ਦੇ ਨਜ਼ਦੀਕ ਘਰੇਲੂ ਨਕਸ਼ਾ ਪਾਸ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਕਮਰਸ਼ੀਅਲ ਬਣਾਇਆ ਗਿਆ ਅਤੇ ਉਸਦਾ ਪੁਰਾਣਾ ਨਕਸ਼ਾ ਵੀ ਨਹੀਂ ਦੇਖਿਆ ਗਿਆ।
 F ਪਾਵਰ ਹਾਊਸ ਰੋਡ ’ਤੇ ਮੱਛੀ ਚੌਕ ਦੇ ਨਾਲ ਜੋ ਨਗਰ ਸੁਧਾਰ ਟਰੱਸਟ ਵਲੋਂ ਜਗ੍ਹਾ ਅਕਵਾਇਰ ਕੀਤੀ ਗਈ ਸੀ ਪਰ ਭੂ-ਮਾਫੀਆ ਵਲੋਂ ਉਸ ਜਗ੍ਹਾ ਨੂੰ ਦੁਬਾਰਾ ਆਪਣੇ ਨਾਂ ਕਰਵਾ ਕੇ ਵੱਖ-ਵੱਖ ਲੋਕਾਂ ਨੂੰ ਵੇਚੀ ਗਈ ਅਤੇ ਜਗ੍ਹਾ ਦਾ ਪਤਾ ਬਦਲ ਕੇ ਨਕਸ਼ਾ ਪਾਸ ਕਰਵਾ ਲਿਆ ਗਿਆ।
 F ਘੋਡ਼ੇ ਵਾਲਾ ਚੌਕ ਤੋਂ ਬੀਬੀ ਵਾਲਾ ਰੋਡ ’ਤੇ ਜਾਂਦਿਆਂ ਵੀ ਇਕ ਸ਼ੋਅਰੂਮ ਬਣਾਇਆ ਗਿਆ ਹੈ, ਜਿਸਦੀ ਲੰਬਾਈ ਵੱਧ ਹੋਣ ਕਰ ਕੇ ਅੱਗੇ 28 ਫੁੱਟ ਜਗ੍ਹਾ ਛੱਡਣ ਦੇ  ਨਿਯਮ ਨੂੰ ਦਰ-ਕਿਨਾਰ ਕੀਤਾ ਗਿਆ।
 F ਮਾਨਸਾ ਰੋਡ ’ਤੇ ਜੋਗਾ ਨਗਰ ਦੇ ਕੋਲ ਇਕ ਸ਼ੋਅਰੂਮ ਢਾਹਿਆ ਗਿਆ, ਜਿਸ ਦਾ ਵਿਰੋਧ ਇਕ ਨਗਰ ਕੌਂਸਲਰ ਵੱਲੋਂ ਕੀਤਾ ਗਿਆ ਸੀ ਪਰ ਕੁਝ ਦਿਨ ਬੀਤ ਜਾਣ ਮਗਰੋਂ ਦੁਬਾਰਾ ਬਣਵਾ ਦਿੱਤਾ ਗਿਆ, ਜਿਸਦਾ ਅਜੇ ਤੱਕ ਭੇਤ ਬਰਕਰਾਰ ਹੈ।