ਬੁਢਲਾਡਾ ''ਚ ਆਈਆਂ ਗ੍ਰਾਂਟਾਂ ਦੀ ਜਾਂਚ ਲਈ ਸੁਖਦੇਵ ਭੱਟੀ ਨੇ ਪੰਜਾਬ ਵਿਜੀਲੈਂਸ ਮੁਖੀ ਨੂੰ ਲਿਖਿਆ ਪੱਤਰ

09/27/2020 1:11:41 AM

ਬੁਢਲਾਡਾ,(ਮਨਜੀਤ)- ਬੁਢਲਾਡਾ ਸ਼ਹਿਰ 'ਚ ਹੋਏ ਵਿਕਾਸ ਕੰਮਾਂ, ਆਈਆਂ ਗ੍ਰਾਂਟਾ ਦੀ ਜਾਂਚ ਦੀ ਮੰਗ ਕਰਦਿਆਂ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਦੇ ਪਤੀ ਸੁਖਦੇਵ ਸਿੰਘ ਭੱਟੀ ਆਈ.ਪੀ.ਐੱਸ (ਰਿਟਾ:) ਨੇ ਪੰਜਾਬ ਵਿਜੀਲੈਂਸ ਦੇ ਮੁਖੀ ਬੀ.ਕੇ ਉੱਪਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੁਢਲਾਡਾ ਸ਼ਹਿਰ ਵਿੱਚ ਹੋਏ ਵਿਕਾਸ ਕੰਮਾਂ ਦੀ ਪੜਤਾਲ ਕਰਵਾਈ ਜਾਵੇ। ਜੇਕਰ ਇਸ ਵਿੱਚ ਕੋਈ ਲਾਪਰਵਾਹੀ, ਘਟੀਆ ਮਟੀਰੀਅਲ ਜਾਂ ਭ੍ਰਿਸ਼ਟਾਚਾਰ ਹੋਇਆ ਸਾਹਮਣੇ ਆਉਂਦਾ ਹੈ ਤਾਂ ਉਸ ਅਧਿਕਾਰੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਸੁਖਦੇਵ ਸਿੰਘ ਭੱਟੀ ਨੇ ਪੱਤਰ ਰਾਹੀਂ ਜ਼ਿਕਰ ਕੀਤਾ ਹੈ ਕਿ ਪਿਛਲੇ ਸਮੇਂ 'ਚ ਅਨੇਕਾਂ ਵਿਕਾਸ ਕੰਮ ਹੋਏ ਹਨ। ਜਿਨ੍ਹਾਂ ਲਈ ਸਰਕਾਰ ਵੱਲੋਂ ਅਨੇਕਾਂ ਗ੍ਰਾਂਟਾ ਭੇਜੀਆਂ ਗਈਆਂ ਪਰ ਉਹ ਕੰਮ ਹੁਣ ਸ਼ੱਕ ਦੇ ਘੇਰੇ ਵਿੱਚ ਹਨ ਅਤੇ ਉਨ੍ਹਾਂ ਦੀ ਪੜਤਾਲ ਹੋਣੀ ਲਾਜ਼ਮੀ ਹੈ। ਉਨ੍ਹਾਂ ਪੰਜਾਬ ਵਿਜੀਲੈਂਸ ਬਿਊਰੋ ਦੇ ਡੀ.ਜੀ.ਪੀ ਬੀ.ਕੇ ਉੱਪਲ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵੱਲੋਂ ਭੇਜੀਆਂ ਗਈਆਂ ਦਰਖਾਸਤਾਂ ਦੀ ਜਾਂਚ ਸ਼ੁਰੂ ਕਰਕੇ ਇਸ ਦਾ ਚਿੱਠਾ ਜਨਤਾ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਵਿੱਚ ਕਿਤੇ ਹੇਰਾ ਫੇਰੀ ਤਾਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੁਢਲਾਡਾ ਸ਼ਹਿਰ ਵਿੱਚ ਆਈਆਂ ਗ੍ਰਾਂਟਾ ਦੀ ਉਨ੍ਹਾਂ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਭੱਟੀ ਨੇ ਨਾਲ ਹੀ ਮੰਗ ਕੀਤੀ ਕਿ ਪੇਂਡੂ ਖੇਤਰ 'ਚ ਪ੍ਰਧਾਨ ਮੰਤਰੀ ਅਤੇ ਲਿੰਕ ਸੜਕਾਂ ਨਵੀਆਂ ਬਣੀਆਂ ਅਤੇ ਹੋਈ ਮੁਰੰਮਤ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿਉਂਕਿ ਕਰੋੜਾਂ ਰੁਪਇਆਂ ਦੀਆਂ ਗ੍ਰਾਂਟਾ ਆਈਆਂ ਹਨ ਪਰ ਸੜਕਾਂ ਅਜੇ ਵੀ ਟੁੱਟੀਆਂ ਅਤੇ ਖੱਡੇ ਨਜ਼ਰ ਆ ਰਹੇ ਹਨ। ਉਨ੍ਹਾਂ ਬੀ.ਕੇ ਉੱਪਲ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਵਿਜੀਲੈਂਸ ਦੀਆਂ ਟੀਮਾਂ ਭੇਜ ਕੇ ਬੁਢਲਾਡਾ ਵਿੱਚ ਹੋਏ ਵਿਕਾਸ ਕੰਮ ਦੀ ਜਾਂਚ ਸ਼ੁਰੂ ਕਰਵਾਈ ਜਾਵੇ ਤਾਂ ਜੋ ਜਨਤਾ ਦੇ ਸਾਹਮਣੇ ਸੱਚਾਈ ਆ ਸਕੇ। ਉਨ੍ਹਾਂ ਕਿਹਾ ਕਿ ਜਾਂਚ ਲਈ ਹਰ ਪੜਾਅ ਤੱਕ ਪਹੁੰਚ ਕਰਨਗੇ।


 


Deepak Kumar

Content Editor

Related News