ਬਸਪਾ ਵੱਲੋਂ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਘਿਰਾਓ 9 ਨੂੰ : ਇੰਚਾਰਜ ਕੁਲਦੀਪ ਸਿੰਘ

06/02/2022 10:36:28 PM

ਬੁਢਲਾਡਾ (ਬਾਂਸਲ) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ “ਪੰਜਾਬ ’ਚ ਧੋਖੇ ਨਾਲ ਬਣਾਈ ਕੇਜਰੀਵਾਲ ਵੱਲੋਂ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਤੇ ਗ਼ਰੀਬਾਂ ਦੇ ਮੁੱਦਿਆਂ ’ਤੇ ਅਸਫ਼ਲ ਤਾਂ ਹੋਈ ਹੀ ਹੈ ਬਲਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ ਪੈਦਾ ਕਰਨ ਲਈ ਵੀ ਜ਼ਿੰਮੇਵਾਰ ਹੈ।” ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਬੁਨਿਆਦ ਕੇਜਰੀਵਾਲ ਦੇ ਲਾਰੇ ਤੇ ਝੂਠੇ ਕੌਲ ਹਨ, ਜੋ ਪੰਜਾਬੀਆਂ ਨਾਲ ਚਿੱਟੇ ਦਿਨ ਬੋਲੇ ਗਏ, ਜਿਸ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਗੜ੍ਹੀ ਦੀ ਅਗਵਾਈ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ 9 ਜੂਨ ਨੂੰ ਸੰਗਰੂਰ ਵਿਖੇ ਕਰੇਗੀ। ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ’ਤੇ ਕਾਲਾ ਕਲੰਕ ਹੈ। ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ’ਤੇ ਨਾਲਾਲਿਕ ਸਿੱਧ ਹੋ ਚੁੱਕਾ ਹੈ, ਜਿਸ ਨੇ ਗਾਇਕ ਮੂਸੇਵਾਲਾ ਤੇ ਹੋਰ ਲੀਡਰਾਂ ਦੀ ਸੁਰੱਖਿਆ ਫੋਕੀ ਵਾਹ-ਵਾਹ ਖਾਤਰ ਵਾਪਸ ਲਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ’ਚ ਹੋਏ ਅਹਿਮ ਖ਼ੁਲਾਸੇ

ਉਨ੍ਹਾਂ ਕਿਹਾ ਕਿ ਉਥੇ ਹੀ ਮਜ਼ਦੂਰਾਂ, ਦਲਿਤਾਂ, ਗਰੀਬਾਂ, ਪਿਛੜੇ ਵਰਗਾਂ ਦੇ ਮੁੱਦੇ ’ਤੇ ਸਰਕਾਰ ਗੂੰਗੀ ਤੇ ਬੋਲ਼ੀ ਹੋ ਗਈ ਹੈ। ਮਾਲਵਾ ਖਿੱਤੇ ਦੀ ਨਰਮਾ ਪੱਟੀ ਦੇ ਖੇਤਰ ਵਿਚ ਸਮੂਹ ਮਜ਼ਦੂਰ ਸੜਕਾਂ ’ਤੇ ਹਨ, ਜਿਨ੍ਹਾਂ ਦੀਆਂ ਮੁੱਖ ਮੰਗਾਂ ਦਿਹਾੜੀ ਰੇਟ 700 ਰੁਪਏ ਕਰਨਾ, ਦਿਹਾੜੀ 12 ਘੰਟੇ ਤੋਂ ਘਟਾ ਕੇ 8 ਘੰਟੇ ਕਰਨੀ, ਝੋਨਾ ਲੁਆਈ 6000 ਰੁਪਏ ਪ੍ਰਤੀ ਏਕੜ ਕਰਨੀ, ਨਰਮਾ ਤੁੜਾਈ 1500 ਰੁਪਏ ਪ੍ਰਤੀ ਕੁਇੰਟਲ ਕਰਨਾ, ਮਨਰੇਗਾ ਦਿਹਾੜੀ ਡੀ. ਸੀ. ਰੇਟ ’ਤੇ ਕਰਕੇ ਸਾਲ ਦੇ 200 ਦਿਨਾਂ ਤਕ ਕਰਨੀ, ਲਾਭਪਾਤਰੀ ਕਾਰਡ ਲੋੜਵੰਦ ਮਜ਼ਦੂਰਾਂ ਦੇ ਬਣਾਏ ਜਾਣ, ਪੰਚਾਇਤੀ ਜ਼ਮੀਨ ਦੀ ਬੋਲੀ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ ਲਾਗੂ ਕਰਾਉਣ ਲਈ ਆਦਿ ਮੁੱਖ ਮੰਗਾਂ ਹਨ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਦਾ ਝੂਠ ਸੀ ਕਿ 1 ਅਪ੍ਰੈਲ ਤੋਂ ਬਾਅਦ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ, ਜਦਕਿ 25 ਤੋਂ ਜ਼ਿਆਦਾ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਅੌਰਤਾਂ ਦੇ ਫ੍ਰੀ ਬੱਸ ਸਫ਼ਰ ਨੂੰ ਬੰਦ ਕਰਨ ਜਾ ਰਹੀ ਹੈ, 18 ਸਾਲ ਤੋਂ ਉਪਰ ਔਰਤਾਂ ਲਈ ਦਿੱਤੇ ਜਾਣ ਵਾਲੇ 1000 ਰੁਪਏ ਅਤੇ ਪ੍ਰਤੀ ਘਰ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕਰਨ ਸਬੰਧੀ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਬੇਨਕਾਬ ਹੋ ਰਹੀ ਹੈ, ਜਦਕਿ ਲਾਲ ਲਕੀਰ ’ਚ ਵਸਦੇ ਲੋਕਾਂ ਲਈ ਰਾਹਤ, ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ ’ਤੇ, ਪੱਛੜੀਆਂ ਸ਼੍ਰੇਣੀਆਂ ਦੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਦੇ ਮੁੱਦੇ ’ਤੇ, 85ਵੀਂ ਸੋਧ ਲਾਗੂ ਕਰਨ ਤੇ 10—10—2014 ਦਾ ਪੱਤਰ ਰੱਦ ਕਰਨ, ਕੱਚੇੇ ਠੇਕਾ ਆਊਟਡੋਰ ਮੁਲਾਜ਼ਮਾਂ ਨੂੰ ਪੱਕੇ ਕਰਨ, ਗਰੀਬਾਂ ਲਈ ਸ਼ਗਨ ਸਕੀਮ ਨੂੰ ਲਾਗੂ ਕਰਨ ਤੇ ਬਕਾਏ ਕੇਸ ਪਾਸ ਕਰਨ ਆਦਿ ਹਰ ਮੁੱਦੇ ’ਤੇ ‘ਆਪ’ ਦੀ ਸਰਕਾਰ ਘੇਸਲ ਮਾਰੂ ਚੁੱਪ ਵੱਟੀ ਬੈਠੀ ਹੈ।

ਇਹ ਵੀ ਪੜ੍ਹੋ : PSEB ਨੇ 8ਵੀਂ ਜਮਾਤ ਦਾ ਨਤੀਜਾ ਐਲਾਨਿਆ, ਬਰਨਾਲਾ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਹਾਸਲ

ਇਥੋਂ ਤੱਕ ਕਿ ਡੇਰਾਬੱਸੀ ਵਿਖੇ ਖੇਤਾਂ ਦੀ ਨਾੜ ਦੀ ਅੱਗ ਨਾਲ ਜਲ ਕੇ ਸੁਆਹ ਹੋਈਆਂ 50 ਝੁੱਗੀਆਂ ਤੇ ਇਕ ਡੇਢ ਸਾਲ ਦੀ ਬੱਚੀ ਨੂੰ ਹਾਲੇ ਤਕ ਪੰਜਾਬ ਸਰਕਾਰ ਇਨਸਾਫ਼ ਨਹੀਂ ਦੇ ਸਕੀ ਹੈ, ਜੋ ਅਤਿ ਸ਼ਰਮਨਾਕ ਹੈ। ਬਹੁਜਨ ਸਮਾਜ ਪਾਰਟੀ ਸਰਕਾਰ ਦੀਆਂ ਨਾਲਾਇਕੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ 9 ਜੂਨ ਨੂੰ ਮਜ਼ਦੂਰਾਂ, ਗਰੀਬਾਂ, ਦਲਿਤਾਂ ਤੇ ਪੱਛੜੇ ਵਰਗਾਂ ਵਿਸ਼ਾਲ ਬਹੁਜਨ ਸਮਾਜ ਦਾ ਇਕੱਠ ਸੰਗਰੂਰ ਵਿਖੇ ਕਰੇਗੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰੇਗੀ। ਇਸ ਤੋਂ ਪਹਿਲਾਂ ਪੂਰੇ ਸੰਗਰੂਰ ਸ਼ਹਿਰ ’ਚ ਇਨਸਾਫ਼ ਮਾਰਚ ਕੱਢਿਆ ਜਾਵੇਗਾ।


Manoj

Content Editor

Related News