BSF ਦੇ ਇੰਸਪੈਕਟਰ ਦੀ ਡਿਊਟੀ ਦੌਰਾਨ ਮੌਤ

11/13/2019 1:48:49 AM

ਸ਼ੇਰਪੁਰ, (ਸਿੰਗਲਾ)— ਬਲਾਕ ਸ਼ੇਰਪੁਰ ਦੇ ਪਿੰਡ ਸਲੇਮਪੁਰ ਦੇ ਇੰਸਪੈਕਟਰ ਸ਼ਮਸ਼ੇਰ ਸਿੰਘ ਜੋ ਕਿ 136 ਬਟਾਲੀਅਨ ਬੀ. ਐਸ. ਐਫ ਜੰਗਾ ਵਾਲਾ ਮੋੜ ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦਾ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਦੁਖਦਾਈ ਮੌਤ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਰਕਯੋਗ ਹੈ ਕਿ ਮ੍ਰਿਤਕ ਇੰਸਪੈਕਟਰ ਸਮਸ਼ੇਰ ਸਿੰਘ ਸੰਤ ਬਾਬਾ ਭਰਭੂਰ ਸਿੰਘ ਜੀ ਗੁਰੂਦੁਆਰਾ ਸਾਹਿਬ ਸੇਖਾ-ਝਲੂਰ ਵਾਲੇ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਐੱਸ. ਐੱਸ. ਪੀ. ਬੀ. ਐੱਸ. ਐੱਫ. ਫਿਰੋਜ਼ਪੁਰ ਨੇ ਦੱਸਿਆ ਕਿ ਸਾਡੀ ਸਾਰੇ ਜਵਾਨਾਂ ਅਤੇ ਅਧਿਕਾਰੀਆਂ ਦੀ ਰੋਜ਼ਾਨਾ ਸਵੇਰੇ 4-30 ਵਜੇ ਓ. ਕੇ. ਰਿਪੋਰਟ ਹੁੰਦੀ ਹੈ, ਪਰ ਮੰਗਲਵਾਰ ਸਵੇਰੇ ਜਦੋਂ ਇੰ. ਸ਼ਮਸ਼ੇਰ ਸਿੰਘ ਦੀ ਰੋਜ਼ਾਨਾ ਰਿਪੋਰਟ ਓ. ਕੇ ਨਾ ਹੋਈ ਤਾਂ ਇਨ੍ਹਾਂ ਦੇ ਕੁਆਰਟਰ ਦਾ ਦਰਵਾਜ਼ਾ ਜੋ ਕਿ ਅੰਦਰੋ ਬੰਦ ਸੀ, ਜਿਸ ਨੂੰ ਬੀ. ਐਸ. ਐਫ ਦੇ ਕਮਾਂਡੈਨਟ ਸ਼ਿਵ ਓਮ ਦੀ ਹਾਜ਼ਰੀ 'ਚ ਤੋੜ ਕੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਹੇਠਾਂ ਡਿੱਗੇ ਪਏ ਸੀ। ਜਿਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਵੱਲੋਂ ਇਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਸਮਸ਼ੇਰ ਸਿੰਘ ਦੀ ਮੌਤ ਦਿਲ ਦੀ ਧੜਕਣ ਅਚਾਨਕ ਬੰਦ ਹੋਣ ਕਾਰਨ ਹੋਈ ਦੱਸਿਆ ਗਿਆ ਹੈ। ਮ੍ਰਿਤਕ ਇੰਸਪੈਕਟਰ ਸ਼ਮਸ਼ੇਰ ਸਿੰਘ ਦਾ ਅੰਤਿਮ ਸਸਕਾਰ ਉਨਾਂ ਦੇ ਜੱਦੀ ਪਿੰਡ ਸਲੇਮਪੁਰ ਬਲਾਕ ਸ਼ੇਰਪੁਰ (ਸੰਗਰੂਰ) ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੰ. ਸ਼ਮਸ਼ੇਰ ਸਿੰਘ ਦੀ ਜਿਸ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਉਸੇ ਦਿਨ ਹੀ ਉਨ੍ਹਾਂ ਦਾ ਜਨਮ ਦਿਨ ਸੀ। ਇਸ ਮੌਕੇ ਬੀ. ਐਸ. ਐਫ ਦੇ ਜਵਾਨਾਂ ਵੱਲੋਂ ਐਸ. ਐਸ. ਪੀ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਉਨਾਂ ਨੂੰ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ ਅਤੇ ਉਨਾਂ ਦੇ ਸਨਮਾਨ ਵਿੱਚ ਹਵਾਈ ਫਾਇਰ ਵੀ ਕੀਤੇ ਗਏ। ਮ੍ਰਿਤਕ ਇੰ. ਸ਼ਮਸ਼ੇਰ ਸਿੰਘ ਆਪਣੇ ਪਿੱਛੇ ਆਪਣੇ ਬੁੱਢੇ ਪਿਤਾ ਤੋਂ ਇਲਾਵਾ ਆਪਣੀ ਪਤਨੀ, ਇਕ ਸਪੁੱਤਰ ਅਤੇ ਇੱਕ ਬੇਟੀ ਨੂੰ ਛੱਡ ਗਏ ਹਨ ਜੋ ਕਿ ਅਜੇ ਪੜ੍ਹਦੇ ਹਨ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਨਿਰਮਲ ਸਿੰਘ ਖੇੜੀ ਐਕਸੀਅਨ ਰੇਲਵੇ ਵਿਭਾਗ, ਬਲਵਿੰਦਰ ਸਿੰਘ ਬੱਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਸੇਰਪੁਰ, ਰਮਨਦੀਪ ਸਿੰਘ ਐਸ. ਐਚ. ਓ. ਸੇਰਪੁਰ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ, ਬਾਬਾ ਰਣਜੀਤ ਸਿੰਘ ਮੋਹਾਲੀ, ਬਾਬਾ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਹਰਬੰਸ ਸਿੰਘ ਜੈਨਪੁਰ, ਸਵਾਮੀ ਜਸਦੇਵਾ ਨੰਦ ਆਲਮਗੀਰ ਵਾਲੇ, ਸਵਾਮੀ ਅੰਮ੍ਰਿਤਾ ਨੰਦ ਜਲੂਰ ਧਾਮ ਵਾਲੇ, ਬਾਬਾ ਬ੍ਰਹਮਾ ਨੰਦ ਬੜੂੰਦੀ ਵਾਲੇ, ਬਾਬਾ ਗੁਰਦਿਆਲ ਉੜਮੁੜਟਾਡਾ ਵਾਲੇ ਤੇ ਵੱਡੀ ਗਿਣਤੀ 'ਚ ਬੀ. ਐਸ. ਐਫ. ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਵੱਖ-2 ਰਾਜਨੀਤਕ ਆਗੂ, ਪਿੰਡਾਂ ਦੇ ਸਰਪੰਚ, ਪੰਚ ਹਾਜ਼ਰ ਸਨ।
 


KamalJeet Singh

Content Editor

Related News