ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ

06/03/2020 10:17:48 PM

ਚੰਡੀਗੜ੍ਹ,(ਰਮਨਜੀਤ)-ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਸ ਥਾਣਾ ਪੀ.ਏ.ਯੂ. ਜ਼ਿਲਾ ਲੁਧਿਆਣਾ ਵਿਖੇ ਤਾਇਨਾਤ ਏ. ਐੱਸ. ਆਈ. ਗੁਰਜੀਤ ਸਿੰਘ ਨੂੰ 28,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ. ਐੱਸ. ਆਈ. ਨੂੰ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਵਾਸੀ ਪਿੰਡ ਰਾਏਪੁਰ ਮਾਜਰੀ, ਜ਼ਿਲਾ ਫ਼ਤਹਿਗੜ੍ਹ ਸਾਹਿਬ ਦੀ ਸ਼ਿਕਾਇਤ 'ਤੇ ਫ਼ੜ੍ਹਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਨਾਲ ਹੋਈ ਕੁੱਟਮਾਰ ਸਬੰਧੀ ਪੁਲਸ ਰਿਪੋਰਟ 'ਚ ਉਸ ਦੀ ਮਦਦ ਕਰਨ ਬਦਲੇ ਉਕਤ ਏ. ਐੱਸ. ਆਈ. ਵਲੋਂ 70,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 58,000 ਰੁਪਏ 'ਚ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਵਲੋਂ 30,000 ਰੁਪਏ ਪਹਿਲੀ ਕਿਸ਼ਤ ਵਜੋ ਉਕਤ ਏ. ਐੱਸ. ਆਈ. ਨੂੰ ਅਦਾ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਿਮ ਏ. ਐੱਸ. ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਦੂਜੀ ਕਿਸ਼ਤ ਦੇ 28,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ 'ਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Deepak Kumar

Content Editor

Related News