ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ

01/24/2019 1:10:29 AM

ਲੁਧਿਆਣਾ,(ਮਹੇਸ਼)- ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਨੂੰ ਸੁਲਝਾਉਣ ਦੀ ਇਵਜ਼ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪੰਜਾਬ ਪੁਲਸ ਦੇ ਅਸਿਸਟੈਂਟ ਸਬ-ਇੰਸਪੈਕਟਰ ਤਰਸੇਮ ਸਿੰਘ ਨੂੰ ਵਿਜੀਲੈਂਸ ਨੇ ਬੁੱਧਵਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜੋ ਕਿ ਥਾਣਾ ਡਵੀਜ਼ਨ ਨੰ. 7 ਵਿਚ ਤਾਇਨਾਤ ਹੈ। ਵਿਜੀਲੈਂਸ ਨੇ ਉਸ ਦੇ ਖਿਲਾਫ ਕੁਰੱਪਸ਼ਨ ਐਕਟ ਦਾ ਕੇਸ ਦਰਜ ਕਰ ਕੇ ਉਸ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਐੱਸ. ਐੱਸ. ਪੀ. ਪਰਮਜੀਤ ਸਿੰਘ ਤੇ ਡੀ. ਐੱਸ. ਪੀ. ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਕਾਰਵਾਈ ਤਾਜਪੁਰ ਰੋਡ ਕਿਸ਼ੋਰ ਨਗਰ ਦੇ ਉਮੇਸ਼ ਚੰਦਰ ਗੋਸਵਾਮੀ ਦੀ ਸ਼ਿਕਾਇਤ ’ਤੇ ਅਮਲ ’ਚ ਲਿਆਂਦੀ ਗਈ ਹੈ। ਸ਼ਿਕਾਇਤਕਰਤਾ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜੀ. ਕੇ. ਅਸਟੇਟ ਦੇ ਰਾਜੂ ਨਾਮਕ ਫਾਈਨਾਂਸਰ ਨਾਲ ਝਗੜਾ ਚੱਲ ਰਿਹਾ ਸੀ। ਦੋਸ਼ ਹੈ ਕਿ ਇਸ ਦੇ ਕਾਰਨ ਰਾਜੂ ਨੇ ਗੋਸਵਾਮੀ ਦੀ ਦੁਕਾਨ ’ਤੇ ਤਾਲਾ ਜਡ਼ ਦਿੱਤਾ। ਇਸ ਦੀ ਸ਼ਿਕਾਇਤ ਪੀਡ਼ਤ ਨੇ ਥਾਣਾ ਡਵੀਜ਼ਨ ਨੰ. 7 ’ਚ ਕੀਤੀ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਏ. ਐੱਸ. ਆਈ. ਤਰਸੇਮ ਨੂੰ ਮਿਲਿਆ। 
 ਮੁਲਜ਼ਮ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ 30,000 ਰੁਪਏ ’ਚ ਦੂਜੀ ਧਿਰ ਨਾਲ ਉਸ ਦਾ ਮਾਮਲਾ ਸੁਲਝਾ ਦੇਵੇਗਾ ਪਰ ਇਸ ਲਈ ਪਹਿਲਾਂ 10,000 ਰੁਪਏ ਦੇਣੇ ਹੋਣਗੇ। ਪੀਡ਼ਤ ਸਰਕਾਰੀ ਮੁਲਾਜ਼ਮ ਨੂੰ ਰਿਸ਼ਵਤ ਦੇਣ ਦੇ ਪੱਖ ਵਿਚ ਨਹੀਂ ਸੀ। ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ  ਨੂੰ ਕੀਤੀ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਨੂੰ ਨਾਟਕੀ ਢੰਗ ਨਾਲ ਸਰਕਾਰੀ ਗਵਾਹਾਂ ਦੀ ਮੌਜੂਗੀ ਵਿਚ ਪੀਡ਼ਤ ਤੋਂ ਰਿਸ਼ਵਤ ਲੈਂਦਿਅਾਂ ਕਾਬੂ ਕਰ ਲਿਆ ਗਿਆ। ਉਨ੍ਹਾਂ  ਦੱਸਿਆ ਕਿ ਮੁਲਜ਼ਮ ਦੀ ਜਾਇਦਾਦ ਦੀ ਜਾਂਚ ਲਈ ਟੀਮ ਨੂੰ ਕੰਮ ’ਤੇ ਲਾ ਦਿੱਤਾ ਗਿਆ ਹੈ।