ਨਸ਼ਾ ਛੁਡਾਊ ਕੇਂਦਰ ''ਚ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ

06/16/2019 1:50:59 AM

ਬਠਿੰਡਾ, (ਵਰਮਾ)— ਭਾਗੂ ਰੋਡ 'ਤੇ ਸਥਿਤ ਨਵੀਂ ਕਿਰਨ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਵਿਚ 31 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ, ਜਿਸ ਨੂੰ ਲੈ ਕੇ ਕੇਂਦਰ ਦੇ ਬਾਹਰ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਨਸ਼ੇ ਦੇ ਆਦੀ ਧੀਰਜ ਕੁਮਾਰ ਪੁੱਤਰ ਭਗਵਤੀ ਦਾਸ ਨੂੰ ਨਵੀਂ ਕਿਰਨ ਫਾਊਂਡੇਸ਼ਨ ਵਿਚ ਨਸ਼ਾ ਛੁਡਾਉਣ ਲਈ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਧੀਰਜ ਦੀ ਅਚਾਨਕ ਹਾਲਤ ਵਿਗੜ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਪਰ ਡਾਕਟਰਾਂ ਨੇ ਦੇਖਦੇ ਹੀ ਕਿਹਾ ਕਿ ਉਸ ਦੀ ਮੌਤ 3-4 ਘੰਟੇ ਪਹਿਲਾਂ ਹੋ ਚੁੱਕੀ ਹੈ। ਇਹ ਸੁਣਦੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸੰਚਾਲਕ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸਦੀ ਸੂਚਨਾ ਡਾਕਟਰਾਂ ਵੱਲੋਂ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਥਾਣਾ ਸਿਵਲ ਲਾਈਨ ਪ੍ਰਮੁੱਖ ਦਵਿੰਦਰ ਸਿੰਘ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੰਚਾਲਕ ਰਾਕੇਸ਼ ਕੁਮਾਰ ਗੁਪਤਾ ਨੂੰ ਕਸਟਡੀ ਵਿਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਪਹੁੰਚੀ ਸਿਵਲ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ 10ਵੀਂ ਕਲਾਸ ਤੱਕ ਹੀ ਪੜ੍ਹਿਆ ਹੈ ਤੇ ਉਸ ਕੋਲ ਕੋਈ ਅਜਿਹੀ ਡਿਗਰੀ ਨਹੀਂ ਕਿ ਉਹ ਕੇਂਦਰ ਚਲਾ ਸਕੇ। ਪੁਲਸ ਨੇ ਇਸ ਕੇਂਦਰ ਨੂੰ ਸੀਲ ਕਰ ਦਿੱਤਾ, ਜਦਕਿ ਉਥੇ ਮੌਜੂਦ 8 ਤੋਂ 10 ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ।

ਕੀ ਕਹਿਣੈ ਡਾਕਟਰ ਦਾ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਦਾ ਆਦੀ ਮਰੀਜ਼ ਆਉਂਦਾ ਹੈ ਤਾਂ ਇਲਾਜ ਦੌਰਾਨ ਉਸਦਾ ਨਸ਼ਾ ਛੁਡਾਉਣਾ ਜ਼ਰੂਰੀ ਹੈ ਪਰ ਇਕ ਦਮ ਵੀ ਨਸ਼ਾ ਨਹੀਂ ਛੁਡਾਇਆ ਜਾ ਸਕਦਾ। ਅਜਿਹੇ ਵਿਚ ਮਰੀਜ਼ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਇਸ ਮਾਮਲੇ ਵਿਚ ਆਪਣੀ ਰਿਪੋਰਟ ਸਿਵਲ ਸਰਜਨ, ਐੱਚ. ਐੱਨ. ਸਿੰਘ, ਐੱਸ. ਐੱਮ. ਓ. ਸ਼ਤੀਸ਼ ਬਾਂਸਲ ਤੇ ਮਨੋਰੋਗ ਡਾ. ਅਰੁਣ ਬਾਂਸਲ ਨੂੰ ਦੇ ਦਿੱਤੀ ਗਈ ਹੈ। ਮ੍ਰਿਤਕ ਦਾ ਐਤਵਾਰ ਨੂੰ ਪੋਸਟਮਾਰਟਮ ਹੋਵੇਗਾ ਅਤੇ ਉਸ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

ਕੀ ਕਹਿਣੈ ਥਾਣਾ ਪ੍ਰਮੁੱਖ ਦਾ
ਥਾਣਾ ਸਿਵਲ ਲਾਈਨ ਪ੍ਰਮੁੱਖ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਸ਼ੱਕੀ ਹਾਲਾਤ ਵਿਚ ਧੀਰਜ ਕੁਮਾਰ ਦੀ ਮੌਤ ਨੂੰ ਲੈ ਕੇ ਉਥੋਂ ਦੀ ਸਥਿਤੀ ਦਾ ਮੌਕੇ 'ਤੇ ਪੰਹੁਚ ਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦਕਿ ਮੁਲਜ਼ਮ ਡਾਕਟਰ ਨੂੰ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਕਰਨ ਕੁਮਾਰ (37) ਨੇ ਪੁਲਸ ਨੂੰ ਬਿਆਨ ਦਿੱਤੇ ਕਿ ਉਸਦਾ ਭਰਾ ਨੂੰ ਨਸ਼ੇ ਦੀ ਤੋੜ ਲੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ, ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।

ਕੀ ਕਹਿਣੈ ਮਰੀਜ਼ਾਂ ਦਾ
ਕੇਂਦਰ ਵਿਚ 10 ਤੋਂ 12 ਮਰੀਜ਼ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਦਾ ਐੱਮ. ਡੀ. ਰਾਜੇਸ਼ ਕੁਮਾਰ ਅਕਸਰ ਹੀ ਮਰੀਜ਼ਾਂ ਨਾਲ ਕੁੱਟ-ਮਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਨੇ ਧੀਰਜ ਕੁਮਾਰ ਦੀ ਵੀ ਕੁੱਟ-ਮਾਰ ਕੀਤੀ ਸੀ। ਸੈਂਟਰ ਵਿਚ ਖਾਣ-ਪੀਣ ਦੀ ਚੰਗੀ ਵਿਵਸਥਾ ਨਹੀਂ ਤੇ ਮਰੀਜ਼ਾਂ ਨੂੰ ਸਵੇਰੇ ਸਿਰਫ ਅੱਧਾ ਘੰਟਾ ਨਹਾਉਣ ਦੀ ਛੋਟ ਦਿੱਤੀ ਜਾਂਦੀ ਹੈ। ਸੈਂਟਰ ਬਾਹਰ ਤਾਇਨਾਤ ਸੁਰੱਖਿਆ ਕਰਮੀ ਵੀ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ ਅਤੇ ਉਨ੍ਹਾਂ ਦੀ ਹਾਲਤ ਜੇਲ ਵਿਚ ਕੈਦੀ ਵਾਂਗ ਬਣੀ ਹੋਈ ਹੈ।


KamalJeet Singh

Content Editor

Related News