ਕਰੰਟ ਲੱਗਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ

09/30/2019 1:44:40 AM

ਬਨੂੜ, (ਗੁਰਪਾਲ)— ਬੀਤੀ ਰਾਤ ਬਨੂੜ ਦਾਣਾ ਮੰਡੀ 'ਚੋਂ ਲੰਘ ਰਹੇ ਇਕ ਪ੍ਰਵਾਸੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਸ਼ਹਿਰ 'ਚ ਸਟੇਸ਼ਨਰੀ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਪ੍ਰਵਾਸੀ ਕਾਂਸਲ ਸੋਨੀ ਪੁੱਤਰ ਸੁਨੀਲ ਸੋਨੀ ਵਾਸੀ ਲਖਮੀਪੁਰ (ਉੱਤਰ ਪ੍ਰਦੇਸ਼) ਹਾਲ ਅਬਾਦ ਵਾਸੀ ਵਾਰਡ ਨੰਬਰ 11 ਬਾਜਵਾ ਕਾਲੋਨੀ ਬਨੂੜ ਆਪਣੇ ਕੰਮ ਤੋਂ ਆਪਣੇ ਘਰ ਨੂੰ ਸਾਈਕਲ 'ਤੇ ਜਾ ਰਿਹਾ ਸੀ। ਜਦੋਂ ਉਹ ਬਨੂੜ ਦਾਣਾ ਮੰਡੀ 'ਚ ਪਹੁੰਚਿਆ ਤਾਂ ਬਰਸਾਤ ਹੋਣ ਕਾਰਨ ਮੰਡੀ 'ਚ ਪਾਣੀ ਖੜ੍ਹਾ ਸੀ। ਜਦੋਂ ਉਹ ਉਥੋਂ ਲੰਘਣ ਲੱਗਾ ਤਾਂ ਉਸ ਨੂੰ ਅਚਾਨਕ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਉਹ ਉਥੇ ਹੀ ਡਿੱਗ ਪਿਆ।
ਇਸ ਘਟਨਾ ਤੋਂ ਬਾਅਦ ਜਦੋਂ ਉਸ ਨੂੰ ਇਲਾਜ ਲਈ ਬਨੂੜ ਦੇ ਹਸਪਤਾਲ ਲੈ ਕੇ ਗਏ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਨੂੰ ਅਮਲ 'ਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਡੇਰਾਬੱਸੀ ਦੇ ਸਿਵਲ ਹਸਪਤਾਲ ਤੋਂ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦਾਣਾ ਮੰਡੀ 'ਚ ਉਨ੍ਹਾਂ ਨੂੰ ਕਿੱਤੇ ਵੀ ਬਿਜਲੀ ਦੀ ਤਾਰ ਡਿੱਗੀ ਨਹੀਂ ਮਿਲੀ। ਦਾਣਾ ਮੰਡੀ 'ਚ ਕੰਮ ਕਰਨ ਵਾਲੀ ਲੇਬਰ ਦਾ ਕਹਿਣਾ ਹੈ ਕਿ ਇਹ ਹਾਦਸਾ ਮੰਡੀ 'ਚ ਕੰਮ ਕਰਨ ਵਾਲੇ ਠੇਕੇ ਦੀ ਅਣਗਹਿਲੀ ਕਾਰਨ ਵਾਪਰਿਆ। ਅਸਲ ਸਚਾਈ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।


KamalJeet Singh

Content Editor

Related News