ਚੋਰੀ ਦਾ ਦੋਸ਼ ਲੱਗਣ ''ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ

09/09/2019 9:27:15 PM

ਪਾਤੜਾਂ, (ਜ. ਬ.)— ਸਾਲ ਪਹਿਲਾਂ ਜਾਖਲ ਰੋਡ ਪਾਤੜਾਂ 'ਤੇ ਸਥਿਤ ਬੈਟਰੀਆਂ ਵਾਲੀ ਦੁਕਾਨ 'ਚ ਰਾਤ ਸਮੇਂ ਹੋਈ ਚੋਰੀ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ। ਦੁਕਾਨ ਮਾਲਕ ਚੋਰਾਂ ਦੀ ਭਾਲ 'ਚ ਭਟਕ ਰਿਹਾ ਸੀ। ਇਸੇ ਦੌਰਾਨ ਉਸ ਨੂੰ ਸ਼ਹਿਰ ਦੀ ਇਕ ਬਸਤੀ 'ਚੋਂ ਇਕ ਨੌਜਾਵਨ ਵੱਲੋਂ ਟੁੱਲੂ ਪੰਪ ਚੋਰੀ ਕਰਨ ਦਾ ਪਤਾ ਲੱਗਾ। ਉਸ ਨੇ ਮੋਹਤਬਰਾਂ ਨਾਲ ਜਾ ਕੇ ਨੌਜਵਾਨ 'ਤੇ ਉਸ ਦੀ ਦੁਕਾਨ 'ਚੋਂ ਚੋਰੀ ਕਰਨ ਦੇ ਦੋਸ਼ ਲਾਏ। ਨੌਜਾਵਨ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਕੇ ਦੁਕਾਨ ਮਾਲਕ ਖਿਲਾਫ ਕੇਸ ਦਰਜ ਕਰ ਕੇ ਬਣਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਪਾਤੜਾਂ ਦੇ ਮੁਖੀ ਰਣਬੀਰ ਸਿੰਘ ਨੇ ਮ੍ਰਿਤਕ ਕੁਲਦੀਪ ਸਿੰਘ (17) ਦੇ ਪਿਤਾ ਰਾਮ ਚੰਦਰ ਵਾਸੀ ਮਹੇਸ਼ ਨਗਰ ਜਾਖਲ ਰੋਡ ਪਾਤੜਾਂ ਦੇ ਬਿਆਨਾਂ ਤਹਿਤ ਦੱਸਿਆ ਕਿ ਜਸਵੰਤ ਸਿੰਘ ਦੀ ਬੈਟਰੀਆਂ ਦੀ ਦੁਕਾਨ ਜਾਖਲ ਰੋਡ 'ਤੇ ਹੈ। ਉਸ 'ਚੋਂ ਸਾਲ ਕੁ ਪਹਿਲਾਂ ਰਾਤ ਸਮੇਂ ਚੋਰੀ ਹੋ ਗਈ ਸੀ। ਹੁਣ ਜਸਵੰਤ ਸਿੰਘ ਨੇ ਉਸ ਦੇ ਲੜਕੇ 'ਤੇ ਚੋਰੀ ਦਾ ਸ਼ੱਕ ਜ਼ਾਹਿਰ ਕੀਤਾ। ਕੁਲਦੀਪ ਸਿੰਘ ਨੇ ਗੁਆਂਢੀ ਮਹੇਸ਼ ਦੇ ਘਰੋਂ ਟੁੱਲੂ ਪੰਪ ਚੋਰੀ ਕਰ ਲਿਆ ਸੀ। ਜਸਵੰਤ ਸਿੰਘ ਨੇ ਪਿੰਡ ਦੇ ਮੋਹਤਬਰਾਂ ਸਮੇਤ ਰਾਮ ਚੰਦਰ ਦੇ ਘਰ ਆ ਕੇ ਦੋਸ਼ ਲਾਇਆ ਕਿ ਦੁਕਾਨ 'ਚੋਂ ਹੋਈ ਚੋਰੀ 'ਚ ਉਸ ਦਾ ਲੜਕਾ ਸ਼ਾਮਲ ਹੈ। ਇਸੇ ਦੌਰਾਨ ਕੁਲਦੀਪ ਸਿੰਘ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ। ਉਸ ਨੇ ਫੋਨ 'ਤੇ ਕਿਹਾ ਇਹ ਚੋਰੀ ਉਸ ਨੇ ਨਹੀਂ ਕੀਤੀ। ਜੇਕਰ ਉਸ ਨੂੰ ਦੁਬਾਰਾ ਕਿਹਾ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਰਾਮ ਚੰਦਰ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਖਾਟੂ ਸ਼ਾਮ ਦੇ ਮੰਦਰ ਕੋਲ ਖਾਲੀ ਪਲਾਟ 'ਚ ਜ਼ਹਿਰੀਲੀ ਦਵਾਈ ਪੀਣ ਕਾਰਣ ਤੜਫ ਰਿਹਾ ਹੈ। ਉਨ੍ਹਾਂ ਉਸ ਨੂੰ ਤੁਰੰਤ ਪਾਤੜਾਂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਹੈ ਕਿ ਜਸਵੰਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਬਣਦੀ ਕਰਵਾਈ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


KamalJeet Singh

Content Editor

Related News