ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਕਤਲ

05/10/2019 7:48:21 PM

ਸਮਾਣਾ, (ਦਰਦ)— ਆਨਰ ਕਿਲਿੰਗ ਦੇ ਇਕ ਮਾਮਲੇ 'ਚ ਲੜਕੀ ਨੂੰ ਮਿਲਣ ਦੇਰ ਰਾਤ ਪਿੰਡ ਵਿਚ ਉਸ ਦੇ ਘਰ ਗਏ ਨੌਜਵਾਨ ਨੂੰ ਲੜਕੀ ਦੇ ਭਰਾਵਾਂ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਵੱਲੋਂ ਸਦਰ ਥਾਣਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਦੂਜੇ ਪਿੰਡ ਵਿਚ ਨੌਜਵਾਨ ਦੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਜ਼ਖਮੀ ਹਾਲਤ ਵਿਚ ਬੇਹੋਸ਼ੀ ਦੀ ਹਾਲਤ ਵਿਚ ਨੌਜਵਾਨ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (24) ਪੁੱਤਰ ਲਖਵਿੰਦਰ ਸਿੰਘ ਪਿੰਡ ਖਾਨਪੁਰ ਗਾੜੀਆ ਦਾ ਫਤਿਹਮਾਜਰੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ-ਸਬੰਧ ਸੀ। ਵੀਰਵਾਰ ਰਾਤ ਕਰੀਬ 10 ਵਜੇ ਤੋਂ ਬਾਅਦ ਉਹ ਲੜਕੀ ਦੇ ਘਰ ਉਸ ਦੇ ਕਮਰੇ ਵਿਚ ਪੁੱਜਾ। ਇਸ ਦੌਰਾਨ ਲੜਕੀ ਦੇ ਭਰਾਵਾਂ ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਪੁੱਤਰ ਮਿਹਰ ਸਿੰਘ ਨੂੰ ਨੌਜਵਾਨ ਦੇ ਘਰ ਆਉਣ ਸਬੰਧੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੇ ਕਮਰੇ ਵਿਚ ਪੁੱਜੇ ਅਮਰਜੀਤ ਸਿੰਘ ਨੂੰ ਕਾਬੂ ਕਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਨੌਜਵਾਨ ਨੂੰ ਬੇਹੋਸ਼ ਦੇਖ ਪਿੰਡ ਦੇ ਸਰਪੰਚ ਨੂੰ ਇਸ ਦੀ ਸੂਚਨਾ ਦਿੱਤੀ। ਨੌਜਵਾਨ ਦੇ ਪਿਤਾ ਲਖਵਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਬੇਟਾ ਅਮਰਜੀਤ ਸਿੰਘ ਵੀਰਵਾਰ ਰਾਤ ਕਰੀਬ ਸਾਢੇ 9 ਵਜੇ ਪਿੰਡ ਫਤਿਹਮਾਜਰੀ ਵਿਖੇ ਕੰਬਾਈਨ ਦੇ ਪੈਸੇ ਲੈਣ ਲਈ ਕਹਿ ਕੇ ਗਿਆ ਸੀ। ਇਸ ਤੋਂ ਬਾਅਦ ਰਾਤ ਕਰੀਬ 2 ਵਜੇ ਸਦਰ ਥਾਣਾ ਪੁਲਸ ਨੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਸਦਰ ਥਾਣਾ ਸਮਾਣਾ ਦੇ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਲੜਕੀ ਸਣੇ ਉਸ ਦੇ 2 ਭਰਾਵਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


KamalJeet Singh

Content Editor

Related News