ਡੱਬੇ ਸਮੇਤ ਮਠਿਆਈ ਤੋਲਣ 'ਤੇ ਹੋਵੇਗਾ 5 ਹਜ਼ਾਰ ਤੋਂ ਜ਼ਿਆਦਾ ਦਾ ਜੁਰਮਾਨਾ: ਨਾਪਤੋਲ ਵਿਭਾਗ

10/16/2018 11:37:58 AM

ਚਾਉਕੇ(ਰਜਿੰਦਰ)— ਦਿਵਾਲੀ ਦੇ ਤਿਉਹਾਰ ਨਜ਼ਦੀਕ ਆਉਂਦੇ ਹੀ ਬਜ਼ਾਰਾਂ ਵਿਚ ਰੌਣਕਾਂ ਵੱਧ ਜਾਂਦੀਆ ਹਨ। ਮਠਿਆਈ ਦੀਆਂ ਦੁਕਾਨਾਂ ਵਾਲੇ ਆਪਣਾ ਫਾਇਦਾ ਕਰਨ ਖਾਤਰ ਗਾਹਕਾਂ ਨੂੰ ਚੂਨਾ ਲਗਾਉਣ ਲਈ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਪਰ ਇਸ ਨਾਲ ਸਬੰਧਤ ਸਰਕਾਰੀ ਵਿਭਾਗ ਦੇ ਅਧਿਕਾਰੀ ਚੁਪੀ ਧਾਰੀ ਬੈਠੇ ਹਨ। ਪਿੰਡਾਂ ਵਿਚ ਦੇਖਣ ਨੂੰ ਮਿਲਿਆ ਹੈ ਕਿ ਮਠਿਆਈ ਵਾਲੇ ਗਾਹਕਾਂ ਤੋਂ ਮਠਿਆਈ ਦੇ ਪੂਰੇ ਰੁਪਏ ਲੈ ਕੇ ਵੀ ਮਠਿਆਈ ਲਗਭਗ 200 ਗ੍ਰਾਮ ਘੱਟ ਤੋਲਦੇ ਹਨ। ਕਿਉਂਕਿ ਉਨ੍ਹਾਂ ਵਲੋਂ ਬਣਾਏ ਵੱਖ-ਵੱਖ ਤਰ੍ਹਾਂ ਦੇ ਡੱਬਿਆਂ ਸਮੇਤ ਮਠਿਆਈ ਤੋਲੀ ਜਾਂਦੀ ਹੈ। ਜਿਸ ਦਾ ਸਭ ਤੋਂ ਵੱਡਾ ਨੁਕਸਾਨ ਪਿੰਡ ਵਾਸੀਆਂ ਨੂੰ ਹੁੰਦਾ ਹੈ। ਇਸ ਮੌਕੇ ਪਤਰਕਾਰਾਂ ਨਾਲ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਮਠਿਆਈ ਵਾਲੇ ਡੱਬਿਆਂ ਸਮੇਤ ਮਠਿਆਈ ਤੋਲਦੇ ਹਨ। ਜਦਕਿ ਸਰਕਾਰ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਰੁਪਾਇਆਂ ਮੁਤਾਬਕ ਮਠਿਆਈ ਤੋਲ ਕੇ ਬਾਅਦ ਵਿਚ ਡੱਬੇ ਵਿਚ ਪਾ ਕੇ ਦੇਣ।

ਨਾਪਤੋਲ ਵਿਭਾਗ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਦਾਰਾ ਅਨੁਸਾਰ : - 
ਇਸ ਸਬੰਧੀ ਜਦੋਂ ਅਸੀਂ ਗੱਲ ਨਾਪਤੋਲ ਵਿਭਾਗ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਦਾਰਾ ਨਾਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਹਰ ਪਿੰਡ ਅਤੇ ਸ਼ਹਿਰ ਵਿਚ ਸਪੈਸ਼ਲ ਚੱਕਰ ਲਗਾਏ ਜਾਣਗੇ। ਜੇਕਰ ਅਜੇਹੀ ਕੋਈ ਵੀ ਜਾਣਕਾਰੀ ਸਾਮਹਣੇ ਆਈ ਤਾਂ ਅਸੀਂ ਉਕਤ ਨੂੰ 5 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਕਰਾਂਗੇ। ਇਸ ਮਾਮਲੇ ਵਿਚ ਕਿਸੇ ਵੀ ਦੁਕਾਨਦਾਰ ਨੂੰ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਮਝਾਇਆ ਕਿ ਮਠਿਆਈ ਤੋਲਣ ਤੋਂ ਬਾਅਦ ਹੀ ਡੱਬੇ ਵਿਚ ਪੈਕ ਕਰਕੇ ਦਿੱਤੀਆਂ ਜਾਣ।