ਕੱਪੜੇ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨੇ ਲਪੇਟ ''ਚ ਲਾਈਆਂ ਇਕ ਦਰਜਨ ਦੁਕਾਨਾਂ

01/07/2020 1:12:04 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਭੀੜ ਵਾਲੇ ਬਾਜ਼ਾਰ 'ਚ ਅਚਾਨਕ ਕੱਪੜਿਆਂ ਦੇ ਸ਼ੋਅ-ਰੂਮ ਨੂੰ ਅੱਗ ਲੱਗ ਗਈ, ਜਿਸ ਨੇ ਮਿੰਟਾਂ-ਸਕਿੰਟਾਂ 'ਚ ਆਸ-ਪਾਸ ਦੀਆਂ ਇਕ ਦਰਜਨ ਦੁਕਾਨਾਂ ਨੂੰ ਲਪੇਟ 'ਚ ਲੈ ਲਿਆ। ਜਾਣਕਾਰੀ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਸਥਾਨਕ ਲੋਕ ਅਤੇ ਨਗਰ ਕੌਂਸਲ ਅੱਗ ਬੁਝਾਉਣ ਲਈ ਘੰਟਿਆਂਬੱਧੀ ਉਪਰਾਲਾ ਕਰਦੇ ਰਹੇ ਪਰ ਅੱਗ ਕਾਬੂ 'ਚ ਨਾ ਆਈ, ਜਿਸ 'ਤੇ ਇਕ ਦਰਜਨ ਦੁਕਾਨਾਂ ਦੇ ਮਾਲਕਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਉੱਪਰ ਅੱਗ ਦਾ ਸੇਕ ਪਹੁੰਚਣ ਕਾਰਣ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਸਿਟੀ ਪੁਲਸ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਖੁਦ ਲੋਕਾਂ ਨਾਲ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਨਾ ਆ ਸਕੀ। ਡੇਰਾ ਸੱਚਾ ਸੌਦਾ ਨਾਲ ਸਬੰਧਤ ਪ੍ਰੇਮੀਆਂ, ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਨਗਰ ਸੁਧਾਰ ਸਭਾ ਦੇ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਭਾਰੀ ਮੁਸ਼ਕਤ ਕੀਤੀ ਗਈ। ਐੱਸ. ਡੀ. ਐੱਮ. ਅਦਿੱਤਿਆ ਡੇਚਲਵਾਲ, ਡੀ. ਐੱਸ. ਪੀ. ਆਦਿ ਨੇ ਮੌਕੇ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਤਕਰੀਬਨ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਕੀਤਾ ਗਿਆ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਕੱਪੜੇ ਦੇ ਸ਼ੋਅ ਰੂਮ 'ਚ ਲਗਭਗ 50 ਲੱਖ ਰੁਪਏ ਤੋਂ ਵੀ ਵਧ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਅੱਗ ਦੀ ਲਪੇਟ 'ਚ ਆਈਆਂ ਦੁਕਾਨਾਂ ਦਾ ਵੀ 25 ਤੋਂ 30 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

ਸ਼ਹਿਰ 'ਚ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਾ ਪੁੱਜਣ ਕਾਰਣ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਲੱਖਾਂ ਰੁਪਏ ਫਾਇਰ ਸੈੱਸ ਦੇ ਰੂਪ 'ਚ ਅਦਾ ਕੀਤੇ ਰਹੇ ਹਨ, ਫਿਰ ਫਾਇਰ ਬ੍ਰਿਗੇਡ ਸ਼ਹਿਰ 'ਚ ਕਿਉਂ ਨਹੀਂ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਾਕਾ ਕੋਚ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜਿਉਂ ਹੀ ਅੱਗ ਦੀ ਦੁਖਦਾਈ ਅੱਗ ਦੀ ਘਟਨਾ ਦਾ ਪਤਾ ਚੱਲਿਆ ਤਾਂ ਉਨ੍ਹਾਂ ਫੌਰੀ ਤੌਰ 'ਤੇ ਨਗਰ ਕੌਂਸਲ ਦੇ ਕਰਮਚਾਰੀ ਅਤੇ ਟਰੀਟਮੈਂਟ ਪਲਾਂਟ ਬੁਢਲਾਡਾ ਦੀਆਂ ਪਾਣੀ ਦੀਆਂ ਟੈਂਕੀਆਂ ਵਾਲੀਆਂ ਵੈਨਾਂ ਮੌਕੇ 'ਤੇ ਪਹੁੰਚਾ ਦਿੱਤੀਆਂ, ਜਿਨ੍ਹਾਂ ਨੇ ਕਾਫੀ ਸਮਾਂ ਅੱਗ ਬੁਝਾਉਣ 'ਚ ਸਹਾਇਤਾ ਕੀਤੀ।


cherry

Content Editor

Related News