ਬੂਟ ਪਾਲਸ਼ ਕਰ ਕੇ ਪੀ. ਡਬਲਯੂ. ਡੀ. ਵਿਭਾਗ ਲਈ ਇਕੱਠਾ ਕੀਤਾ ਚੰਦਾ

10/03/2019 11:08:59 AM

ਮੋਗਾ (ਗੋਪੀ ਰਾਊਕੇ)— 4 ਸਾਲਾਂ ਤੋਂ ਸ਼ਹਿਰ ਦੇ ਮੁੱਖ ਬਾਜ਼ਾਰ ਸਮੇਤ ਹੋਰ ਟੁੱਟੀਆਂ ਸੜਕਾਂ ਕਰ ਕੇ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਦੀ ਮੰਗ ਨੂੰ ਵੱਡੇ ਤੌਰ 'ਤੇ ਉਭਾਰਦਿਆਂ ਐਂਟੀ ਕੁਰੱਪਸ਼ਨ ਅਵੇਅਰਨੈੱਸ ਅਤੇ 'ਮੇਰਾ ਸੋਹਣਾ ਮੋਗਾ' ਵੈੱਲਫੇਅਰ ਸੋਸਾਇਟੀ ਵੱਲੋਂ ਅਨੋਖਾ ਕਿਸਮ ਦਾ ਵਿਰੋਧ ਕਰਦਿਆਂ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਬੂਟ ਪਾਲਸ਼ ਕਰ ਕੇ ਪੀ. ਡਬਲਯੂ. ਡੀ. ਦਾ ਖਾਲੀ ਖਜ਼ਾਨਾ ਭਰਨ ਲਈ ਚੰਦਾ ਇਕੱਤਰ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਟੁੱਟੀ ਸੜਕ ਕਰ ਕੇ ਹੁਣ ਤੱਕ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਪਰ ਫਿਰ ਵੀ ਵਿਭਾਗ ਵੱਲੋਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਕੁਝ ਦਿਨ ਪਹਿਲਾਂ ਸ਼ਹਿਰੀਆਂ ਦੇ ਸੰਘਰਸ਼ ਕਰ ਕੇ ਵਿਭਾਗ ਵੱਲੋਂ ਖੱਡੇ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਹਾਲੇ ਵੀ ਪੂਰੇ ਖੱਡੇ ਨਾ ਭਰਨ ਕਰ ਕੇ ਸ਼ਹਿਰੀਆਂ ਦਾ ਗੁੱਸਾ ਹਾਲੇ ਵੀ ਸੱਤਵੇਂ ਆਸਮਾਨ 'ਤੇ ਹੈ। ਬੂਟ ਪਾਲਸ਼ ਕਰ ਕੇ ਵਿਭਾਗ ਅਤੇ ਸਰਕਾਰ 'ਤੇ ਤੰਜ ਕੱਸਦਿਆਂ ਚੇਅਰਮੈਨ ਸਚਦੇਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਲੱਖਾਂ ਰੁਪਏ ਟੈਕਸ ਦਿੱਤਾ ਜਾਂਦਾ ਹੈ ਪਰ ਵਿਭਾਗ ਅਤੇ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਸੜਕ ਦਾ ਟੈਂਡਰ ਨਹੀਂ ਲੱਗਦਾ, ਉਦੋਂ ਤੱਕ ਸੰਘਰਸ਼ ਨੂੰ ਬਿਨਾਂ ਕਿਸੇ ਰੋਕ ਤੋਂ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Shyna

This news is Content Editor Shyna