ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਸੰਗਰੂਰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਦਿੱਤਾ ਗਿਆ ਧਰਨਾ

06/18/2020 3:15:56 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਨੀਲੇ ਕਾਰਡ ਦੇ ਸਬੰਧੀ ਹਾਈ ਕੋਰਟ ਦੇ ਫੈਸਲੇ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਕੇ ਕੱਟੇ ਗਏ ਨੀਲੇ ਕਾਰਡ ਮੁੜ ਬਹਾਲ ਕਰਨ ਅਤੇ ਕਾਂਗਰਸ ਸਰਕਾਰ ਦੇ ਸਕੈਂਡਲਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਸਾਂਝੇ ਤੌਰ ਉੱਤੇ ਡਿਪਟੀ ਕਮਿਸ਼ਨਰ ਸੰਗਰੂਰ ਦਫਤਰ ਦੇ ਬਾਹਰ ਸੰਕੇਤਕ ਧਰਨਾ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਗਿਆ। ਅੱਜ ਦੇ ਪ੍ਰਦਰਸ਼ਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥਾ ਸੰਗਰੂਰ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਰਿਸ਼ੀਪਾਲ ਖੇਰਾ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

PunjabKesari
ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਲੋੜਵੰਦ ਅਤੇ ਗਰੀਬ ਲੋਕਾਂ ਦੇ ਨੀਲੇ ਕਾਰਡ ਬਣਾਏ ਗਏ ਸੀ, ਜਿਸ ਨੂੰ ਪੱਖਪਾਤ ਰਵੱਈਆ ਅਪਣਾਉਂਦੇ ਹੋਏ ਮੌਜੂਦਾ ਸੂਬਾ ਸਰਕਾਰ ਵੱਲੋਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ 2017 ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਜਾਣ ਤੋਂ ਬਾਅਦ ਤੋਂ  ਲੱਖਾਂ ਦੀ ਗਿਣਤੀ ਵਿੱਚ ਪੰਜਾਬ ਭਰ 'ਚ ਨੀਲੇ ਕਾਰਡ ਹੋਲਡਰਾਂ ਦੇ ਕਾਰਡ ਰੱਦ ਕੀਤੇ ਗਏ ਹਨ। ਜਿਸ ਕਰਕੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਵੀ ਗਰੀਬ ਪਰਿਵਾਰ ਨੀਲੇ ਕਾਰਡ ਕੱਟੇ ਜਾਣ ਕਾਰਨ ਇਨਸਾਫ਼ ਲਈ ਦਰ-ਦਰ ਲਈ ਭਟਕ ਰਹੇ ਹਨ ਅਤੇ ਸਰਕਾਰ ਦੀ ਬੇਰੁਖ਼ੀ ਦਾ ਸਾਹਮਣਾ ਕਰ ਰਹੇ ਸਨ। ਜਿਸ ਕਰਕੇ ਉਨ੍ਹਾਂ ਵਲੋਂ ਹਲਕਾ ਅਮਰਗੜ੍ਹ ਦੇ ਚਾਰ ਪਿੰਡਾਂ ਦੇ ਗਰੀਬ ਲੋਕਾਂ ਨੂੰ ਨਾਲ ਲੈ ਕੇ ਹਾਈਕੋਰਟ 'ਚ ਇੱਕ ਰਿਟ ਪਟੀਸ਼ਨ ਮਿਤੀ 8-6-2020 ਨੂੰ ਦਾਖਲ ਕੀਤੀ ਗਈ ਸੀ ਅਤੇ ਇਸ ਮਸਲੇ ਸਬੰਧੀ ਹਾਈਕੋਰਟ ਦੀ ਝਾੜ ਤੋਂ ਬਚਣ ਲਈ ਮਿਤੀ 10-06-2020 ਨੂੰ ਡਾਇਰੈਕਟਰ ਫੂਡ ਸਪਲਾਈ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕੱਟੇ ਗਏ ਨੀਲੇ ਕਾਰਡ ਦੀ ਦੁਬਾਰਾ ਵੈਰੀਫਿਕੇਸ਼ਨ ਕਰਵਾਉਣ ਦਾ ਪੱਤਰ ਜਾਰੀ ਕੀਤਾ ਅਤੇ ਹਾਈਕੋਰਟ 'ਚ ਸਰਕਾਰ ਵਲੋਂ ਵਿੱਚ ਆਪਣਾ ਜਵਾਬ ਦਾਖਲ ਕਰਦੀਆਂ ਨੀਲੇ ਕਾਰਡ ਕੱਟੇ ਜਾਣ ਵਿੱਚ ਆਪਣੀ ਸਰਕਾਰ ਦੀ ਗਲਤੀ ਮੰਨੀ ਅਤੇ ਕਿਹਾ ਕਿ ਸਾਰੇ ਨੀਲੇ ਕਾਰਡ ਧਾਰਕਾਂ ਨੂੰ ਜਲਦ ਰਾਸ਼ਨ ਮਿਲੇਗਾ ਅਤੇ ਨੀਲੇ ਕਾਰਡਾਂ ਦੀ ਵੇਰੀਫ਼ਿਕੇਸ਼ਨ ਦਾ ਕੰਮ ਬਾਅਦ 'ਚ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਮਸਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਸਰਕਾਰ ਦੇ ਖਿਲਾਫ ਉਨ੍ਹਾਂ ਦਾ ਸਾਥ ਦਿੱਤਾ ਅਤੇ ਪਾਰਟੀ ਲਈ ਇਸ ਮਸਲੇ ਵਿੱਚ ਵੱਡੀ ਜਿੱਤ ਕਰਾਰ ਦਿੱਤਾ। ਉਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੇ ਮਹੱਤਵਪੂਰਨ ਮੁੱਦਿਆਂ ਪੰਜਾਬ ਵਿੱਚ ਵਾਪਰ ਰਹੇ ਸ਼ਰਾਬ ,ਰੇਤਾ , ਮਾਈਨਿੰਗ ਮਾਫੀਆ ਤੇ ਨਕਲੀ ਬੀਜ਼ਾਂ ਆਪ ਦੇ ਵੱਡੇ ਸਕੈਂਡਲਾਂ ਅਤੇ ਕਾਂਗਰਸੀ ਲੀਡਰਾਂ ਅਤੇ ਮਾਫੀਆ ਦੀ ਮਿਲੀਭੁਗਤ ਨਾਲ ਪੰਜਾਬ ਦੇ 5600 ਕਰੋੜ ਰੁਪਏ ਦੇ ਮਾਲੀ ਘਾਟੇ ਦੇ ਸਕੈਂਡਲ ਖਿਲਾਫ਼ ਢੁੱਕਵੀਂ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ ਜੋ ਕਿ ਸ਼ਰਮਨਾਕ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਆਗੂਆਂ ਵਲੋਂ ਸ਼ਰੇਆਮ ਸਰਾਬ ਦਾ ਕਾਰੋਬਾਰ ਕਰਕੇ ਸਰਕਾਰ ਨੂੰ ਕਰੋੜਾਂ ਦੇ ਐਕਸਾਇਜ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੇਤ ਵਾਪਰਿਆ ਨੂੰ ਟੈਕਸ ਵਿੱਚ ਛੋਟ ਦੇ ਕੇ ਸਰਕਾਰ ਵਲੋਂ ਮਾਈਨਿੰਗ ਮਾਫੀਆ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਸ. ਮਾਨ ਨੇ ਕਿਹਾ ਕਿ ਸਰਕਾਰ ਇੰਡਸਟਰੀ ਦੇ ਘਾਟੇ ਨੂੰ ਪੂਰਾ ਕਰਨ ਲਈ ਉਨ੍ਹਾਂ ਬਿਜਲੀ ਦੇ ਫਿਕਸਡ ਚਾਰਜਰਸ ਮਾਫ ਕਰੇ ਅਤੇ ਗਰੀਬ ਅਤੇ ਮਦ ਵਰਗ ਦੇ ਲੋਕਾਂ ਨੂੰ ਬਿਜਲੀ ਦੇ ਰੇਟ ਵਿੱਚ ਰਾਇਅਤਾ ਦੇ ਕੇ ਕੁਝ ਰਾਹਤ ਦੇਵੇ।

PunjabKesari
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਫਸਲਾਂ ਦੇ ਐੱਮ ਐੱਸ ਪੀ ਉੱਪਰ ਖਰੀਦ ਕਰਵਾਉਣ ਲਈ ਵਚਨਬੱਧ ਹੈ ਅਤੇ ਮੰਡੀਕਰਨ ਕਿਸੇ ਵੀ ਕੀਮਤ ਉਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ। ਇਸ ਮੌਕੇ ਸ਼੍ਰੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਗੰਨੇ ਦੀ ਫਸਲ ਦੇ ਪੈਸੇ ਜਲਦ ਜਾਰੀ ਕਰੇ ਤਾਂ ਜੋਂ ਕਿਸਾਨ ਨੂੰ ਕੋਈ ਰਾਹਤ ਮਿਲ ਸਕੇ। ਧਰਨੇ ਤੋ ਬਾਅਦ ਅਕਾਲੀ ਅਤੇ ਭਾਜਪਾ ਆਗੂਆਂ ਵੱਲੋਂ ਰਾਜਪਾਲ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੂੰ ਦਿੱਤਾ ਗਿਆ। ਇਸ ਮੌਕੇ ਦੋਵੇਂ ਜਿਲ੍ਹਾ ਪ੍ਰਧਾਨ ਸਾਹਿਬਾਨਾਂ ਤੋਂ ਇਲਾਵਾ ਬਾਬੂ ਪ੍ਰਕਾਸ਼ ਚੰਦ ਗਰਗ, ਬਲਦੇਵ ਸਿੰਘ ਮਾਨ, ਹਰੀ ਸਿੰਘ ਨਾਭਾ, ਮੁਹੰਮਦ ਯੂਨਸ ਬਖ਼ਸ਼ੀ, ਗੁਲਜਾਰ ਸਿੰਘ ਮੂਨਕ, ਗਗਨਜੀਤ ਸਿੰਘ ਬਰਨਾਲਾ, ਜਤਿੰਦਰ ਕਾਲੜਾ, ਸਰਜੀਵਨ ਜਿੰਦਲ, ਅਮਨਦੀਪ ਸਿੰਘ ਕਾਂਝਲਾ, ਵਿਨਰਜੀਤ ਸਿੰਘ ਗੋਲਡੀ, ਸਤਪਾਲ ਸਿੰਗਲਾ, ਰਾਜਿੰਦਰ ਦੀਪਾ, ਰੰਮੀ ਗੋਇਲ, ਵਿਸ਼ਾਲ ਗਰਗ, ਰਵਿੰਦਰ ਚੀਮਾ, ਹਰਦੇਵ ਸਿੰਘ ਸੇਹਕੇ, ਗਿਆਨੀ ਨਰੰਜਣ ਸਿੰਘ ਭੁੱਟਾਲ, ਐਡੋਕੇਟ ਦਲਜੀਤ ਸਿੰਘ ਸੇਖੋਂ, ਚੰਦ ਸਿੰਘ ਚੱਠਾ, ਪਰਮਜੀਤ ਕੌਰ ਵਿਰਕ, ਨੀਰੂ ਤੁੱਲੀ, ਲਕਸ਼ਮੀ ਦੇਵੀ, ਅਲਕਾ ਬਾਂਸਲ, ਮਨਜਿੰਦਰ ਸਿੰਘ ਲਾਂਗੜੀਆਂ, ਤੇਜਾ ਸਿੰਘ ਕਮਾਲਪੁਰ, ਗੁਰਲਾਲ ਸਿੰਘ ਫਤਹਿਗੜ੍ਹ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਮਨਜਿੰਦਰ ਸਿੰਘ ਬਾਵਾ ਅਮਰਗੜ੍ਹ, ਮਾ. ਹਰਬੰਸ ਸਿੰਘ ਸ਼ੇਰਪੁਰ, ਸਿਮਪ੍ਰਤਾਪ ਸਿੰਘ ਬਰਨਾਲਾ, ਸਰਨਾ ਚੱਠਾ, ਨਵਿੰਦਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਝੱਲ, ਨਿਰਮਲ ਸਿੰਘ ਬੋੜਹਈ, ਕਾਕਾ ਲਸੋਈ, ਇਕਬਾਲਜੀਤ ਸਿੰਘ ਪੂਨੀਆ, ਸ਼ੇਰ ਸਿੰਘ ਬਾਲੇਵਾਲ ਤੋ ਇਲਾਵਾ ਸਾਰੇ ਸਰਕਲ ਪ੍ਰਧਾਨ ਹਾਜ਼ਰ ਸਨ।


Shyna

Content Editor

Related News