ਨੋਟਾਂ ਵਾਲੇ ਬਾਬਾ ਗੁਰਮੇਲ ਸਿੰਘ ਕੁਠਾਲਾ ਦੇ ਗੁਰਦੁਆਰਾ ਸਾਹਿਬ ’ਚ ਹੀ ਹੋਈ ਖੂਨੀ ਝੜਪ, ਸੱਤ ਗਿ੍ਰਫ਼ਤਾਰ

01/11/2021 3:31:31 PM

ਸੰਦੌੜ(ਰਿਖੀ): ਨੇੜਲੇ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਗੁਰਦੁਆਰਾ ਭਗਤ ਸ੍ਰੀ ਰਵਿਦਾਸ ਜੀ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾ ਦੇ ਨਾਮ ਉੱਪਰ ਚਲਾਈ ਇਕ ਬੇਨਾਮੀ ਸਕੀਮ ਤਹਿਤ ਕੁਝ ਦਿਨ ਨੋਟਾਂ ਦਾ ਮੀਂਹ ਅਤੇ ਮੋਟਰਸਾਈਕਲ, ਜਰਨੇਟਰ, ਗੱਡੀਆਂ, ਟਰੈਕਟਰ ਵੰਡਣ ਦਾ ਦਾਅਵਾ ਕਰਕੇ ਸੋਸ਼ਲ ਸਾਈਟਾਂ ਤੇ ਮਸ਼ਹੂਰ ਹੋਏ ਅਤੇ ਹੁਣ ਕਈ ਦਿਨਾਂ ਤੋਂ ਕਰੋੜਾਂ ਰੁਪਿਆ ਇਕੱਠਾ ਕਰਕੇ ਰੂਹਪੋਸ਼ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਦਾ ਮਾਮਲਾ ਦਿਨੋਂ ਦਿਨ ਵਧਦਾ ਹੀ ਨਜ਼ਰ ਆ ਰਿਹਾ ਹੈ। ਹੁਣ ਇਹ ਵੱਡੇ ਗਬਨ ਦਾ ਮਾਮਲਾ ਕਮੇਟੀ ਦੇ ਕੁੱਝ ਮੈਂਬਰਾਂ ਅਤੇ ਬਾਬੇ ਵੱਲੋਂ ਇਕ ਦੂਸਰੇ ਦੇ ਉੱਤੇ ਇਲਜ਼ਾਮ ਬਾਜ਼ੀ ਤੋਂ ਬਿਨਾਂ ਖੂਨੀ ਲੜਾਈ ਝਗੜੇ ਤੱਕ ਪਹੁੰਚ ਗਿਆ ਹੈ। ਪਿਛਲੀ ਰਾਤ ਗੁਰੂ ਘਰ ’ਚ ਹੀ ਖੂਨੀ ਲੜਾਈ ਦੀ ਘਟਨਾ ਵਾਪਰੀ ਹੈ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਉਸ ਸਮੇਂ ਖੂਨੀ ਟਕਰਾਅ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਅੰਦਰ ਇਕ ਵਿਅਕਤੀ ਉਪਰ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜ਼ਖਮੀ ਹੋਇਆ ਵਿਅਕਤੀ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਕੁਠਾਲਾ ਦੱਸਿਆ ਜਾ ਰਿਹਾ ਹੈ ਜੋ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਜੇਰੇ ਇਲਾਜ਼ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਭਗਤ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਕੁਝ ਲੋਕ ਡਾਗਾਂ, ਸੋਟੀਆਂ ਲੈ ਕੇ ਦਾਖ਼ਲ ਹੋ ਗਏ ਅਤੇ ਉਥੇ ਮੌਜੂਦ ਜਸਪ੍ਰੀਤ ਸਿੰਘ ਨਾਲ ਕੁੱਟਮਾਰ ਕਰ ਗਏ। ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਜਸਪ੍ਰੀਤ ਸਿੰਘ ਦੇ ਸਿਰ ’ਚ ਸੱਟਾਂ ਲੱਗੀਆਂ ਹਨ ਅਤੇ ਇਸ ਮਾਮਲੇ ’ਚ ਦੂਜੀ ਧਿਰ ਨਾਲ ਸਬੰਧਿਤ ਇਕ ਵਿਅਕਤੀ ਵੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ਼ ਹੈ।
ਬਾਬੇ ਸਮੇਤ 25 ਲੋਕਾਂ ਤੇ ਮਾਮਲਾ ਦਰਜ, ਸੱਤ ਗਿ੍ਰਫ਼ਤਾਰ 
ਥਾਣਾ ਸੰਦੌੜ ਦੇ ਮੁਖੀ ਯਾਦਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਆਨ ਲੈ ਕਿ ਬਾਬੇ ਸਮੇਤ 25 ਵਿਅਕਤੀਆਂ ਖ਼ਿਲਾਫ਼ ਮਾਮਲਾ ਨੰਬਰ 4 ਅਧੀਨ ਧਾਰਾ 458, 380, 323, 427, 148, 149,341ਅਤੇ 120 ਬੀ ਤਹਿਤ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ 7 ਵਿਅਕਤੀ ਗਿ੍ਰਫ਼ਤਾਰ ਵੀ ਕਰ ਲਏ ਹਨ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ। 
ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀਂ ਯਾਦਵਿੰਦਰ ਸਿੰਘ 
ਕੁਠਾਲਾ ਵਿਖੇ ਪੈਸਿਆਂ ਦੀ ਵਾਪਸੀ ਲਈ ਚੱਲ ਰਹੀ ਜੱਦੋ-ਜਹਿਦ ਨੂੰ ਲੈ ਕਿ ਹੋਈ ਖੂਨੀ ਝੜਪ ਸੰਬੰਧੀ ਥਾਣਾ ਸੰਦੌੜ ਦੇ ਮੁਖੀ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀਂ ਦਿੱਤੀ ਹੋਵੇਗੀ ਜੇਕਰ ਹਾਲੇ ਵੀ ਲੋਕ ਮਾਹੌਲ ਖਰਾਬ ਕਰਨਗੇ ਤਾਂ ਸਖ਼ਤ ਕਾਰਵਾਈ ਹੋਵੇਗੀ। 


Aarti dhillon

Content Editor

Related News