ਹੱਡਾ-ਰੋੜੀ ਦੀ ਜ਼ਮੀਨ ਕਾਰਣ ਹੁਸਨਰ ’ਚ ਦੋ ਫਿਰਕਿਆਂ ’ਚ ਖੂਨੀ ਝੜਪ

09/06/2019 11:41:47 PM

ਗਿੱਦਡ਼ਬਾਹਾ, (ਸੰਧਿਆ, ਚਾਲਵਾ)- ਪਿੰਡ ਹੁਸਨਰ ’ਚ ਇਕ ਵਾਰ ਫਿਰ ਦੋ ਫਿਰਕਿਆਂ ਦੇ ਲੋਕ ਹੱਡਾ-ਰੋਡ਼ੀ ਦੀ ਜ਼ਮੀਨ ਕਾਰਣ ਆਹਮੋ-ਸਾਹਮਣੇ ਹੋ ਗਏ। ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਢਾਈ ਵਜੇ ਜਦੋਂ ਇਕ ਫਿਰਕੇ ਨਾਲ ਸਬੰਧਤ ਲੋਕ ਡਾਂਗਾ, ਕਾਪੇ, ਗੰਡਾਸੇ ਅਤੇ ਕਿਰਪਾਨਾਂ ਆਦਿ ਲੈ ਕੇ ਸ਼ਰੇਆਮ ਦੂਜੇ ਫਿਰਕੇ ਨਾਲ ਸਬੰਧਤ ਲੋਕਾਂ ਦੇ ਘਰਾਂ ਕੋਲ ਬਣੀ ਹੱਡਾ-ਰੋਡ਼ੀ ’ਚ ਪਹੁੰਚੇ ਤਾਂ ਸਾਹਮਣੇ ਤੋਂ ਦੂਜੇ ਫਿਰਕੇ ਦੇ ਲੋਕ, ਜਿਨ੍ਹਾਂ ਵਿਚ ਬੱਚੇ, ਔਰਤਾਂ ਅਤੇ ਮਰਦਾਂ ਵੱਡੀ ਗਿਣਤੀ ਵਿਚ ਸ਼ਾਮਲ ਸਨ, ਨੇ ਡੱਟ ਕੇ ਮੁਕਾਬਲਾ ਕੀਤਾ। ਦੋਵੇਂ ਧਿਰਾਂ ਵਲੋਂ ਇਕ ਦੂਜੇ ਉੱਤੇ ਇੱਟਾਂ-ਰੋੜਿਆਂ ਦੀ ਵਰਖਾ ਵੀ ਕੀਤੀ ਗਈ।

ਇਥੇ ਦੱਸ ਦੇਈਏ ਕਿ ਪਿੰਡ ਹੁਸਨਰ ਦੇ ਅੰਦਰ ਪੰਚਾਇਤੀ ਜ਼ਮੀਨ ’ਚ ਹੱਡਾ-ਰੋਡ਼ੀ ਬਣੀ ਹੋਈ ਹੈ। ਇਸ ਥਾਂ ’ਤੇ ਪਿੰਡ ਦੇ ਅੰਦਰ-ਬਾਹਰ ਮਰੇ ਪਸ਼ੂਆਂ ਨੂੰ ਸੁੱਟਿਆ ਜਾਂਦਾ ਹੈ। ਬੀਤੀ ਫਰਵਰੀ ਵਿਚ ਜਦੋਂ ਪਿੰਡ ਨਾਲ ਸਬੰਧਤ ਇਕ ਫਿਰਕੇ ਦੇ ਲੋਕਾਂ ਨੂੰ ਪਿੰਡ ਦੇ ਇਕ ਧਾਰਮਕ ਅਸਥਾਨ ਵਿਚ ਮੱਥਾ ਟੇਕਣ ਅਤੇ ਪਾਠ ਆਦਿ ਕਰਨ ਤੋਂ ਰੋਕਿਆ ਗਿਆ ਤਾਂ ਗੁੱਸੇ ਵਿਚ ਆਏ ਇਸ ਫਿਰਕੇ ਦੇ ਲੋਕਾਂ ਨੇ ਆਪਣੇ ਖੇਤਰ ਵਿਚ ਵੱਖਰੇ ਧਾਰਮਕ ਅਸਥਾਨ ਦੀ ਉਸਾਰੀ ਕਰਵਾ ਲਈ ਪਰ ਜਦੋਂ ਕਿਸੇ ਮਰੇ ਪਸ਼ੂ ਨੂੰ ਸੁੱਟਣ ਲਈ ਹੱਡਾ-ਰੋਡ਼ੀ ’ਚ ਲਿਆਂਦਾ ਗਿਆ ਤਾਂ ਦੋਹਾਂ ਧਿਰਾਂ ਵਿਚ ਲਡ਼ਾਈ ਹੋਈ।

ਸ਼ੁੱਕਰਵਾਰ ਦੁਪਹਿਰ ਨੂੰ ਵੀ ਇਕ ਵਾਰ ਫਿਰ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਹੱਡਾ-ਰੋਡ਼ੀ ’ਤੇ ਮਰੇ ਪਸ਼ੂਆਂ ਨੂੰ ਸੁੱਟਣ ਅਤੇ ਹੱਡਾ-ਰੋਡ਼ੀ ’ਤੇ ਕਬਜ਼ਾ ਕਰਨ ਲਈ ਤੇਜ਼ਧਾਰ ਹਥਿਆਰ ਲੈ ਕੇ ਸੈਂਕਡ਼ਿਆਂ ਦੀ ਗਿਣਤੀ ਵਿਚ ਹੱਡਾ-ਰੋਡ਼ੀ ਵੱਲ ਕੂਚ ਕੀਤਾ ਤਾਂ ਦੂਜੇ ਫਿਰਕੇ ਦੇ ਲੋਕਾਂ ਵੱਲੋਂ ਡੱਟ ਕੇ ਮੁਕਾਬਲਾ ਕੀਤਾ ਗਿਆ।

ਦੋਵੇਂ ਧਿਰਾਂ ਵਿਚਕਾਰ ਖੂਨੀ ਜੰਗ ਛਿਡ਼ੀ ਅਤੇ ਇੱਟਾਂ, ਰੋਡ਼ਿਆਂ, ਪੱਥਰਾਂ ਦੀ ਵਰਖਾ ਹੋਈ ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। ਮੌਕੇ ’ਤੇ ਲੜਾਈ ਸ਼ਾਂਤ ਕਰਵਾਉਣ ਆਏ ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ ਵੀ ਇੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ। ਇਸ ਦੌਰਾਨ ਪਿੰਡ ਦੇ ਇਕ ਭਾਈਚਾਰੇ ਨਾਲ ਸੰਬੰਧਤ ਲੋਕਾਂ ਵੱਲੋਂ ਟਰੈਕਟਰ-ਟਰਾਲੀ ’ਤੇ ਲੱਦ ਕੇ ਇਕ ਮਰੀ ਹੋਈ ਗਾਂ ਨੂੰ ਲਿਆ ਕੇ ਸੁੱਟਿਆ ਦਿੱਤਾ ਗਿਆ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਗੁੱਸੇ ’ਚ ਦੂਜੇ ਫਿਰਕੇ ਨੇ ਜਦੋਂ ਪੁਲਸ ਦੇ ਸਾਹਮਣੇ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਈ ਤਾਂ ਪੁਲਸ ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ, ਇਸ ਦੌਰਾਨ ਇਕ ਭਾਈਚਾਰੇ ਨਾਲ ਸੰਬੰਧਤ 5 ਵਿਅਕਤੀਆਂ ਦੇ ਸੱਟਾਂ ਵੱਜੀਆਂ।

ਇਸ ਦੇ ਬਾਵਜੂਦ ਡੀ. ਐੱਸ. ਪੀ. ਗੁਰਤੇਜ ਸਿੰਘ ਦੀ ਅਗਵਾਈ ਵਿਚ ਗਿੱਦਡ਼ਬਾਹਾ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ ਅਤੇ ਪਿੰਡ ਕੋਟਭਾਈ ਪੁਲਸ ਸਟੇਸ਼ਨ ਤੋਂ ਐੱਸ. ਐੱਚ. ਓ. ਅੰਗਰੇਜ਼ ਸਿੰਘ ਨੇ ਪੂਰੀ ਪੁਲਸ ਪਾਰਟੀ ਨਾਲ ਮਿਲ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਕੀ ਕਹਿੰਦੇ ਹਨ ਡੀ. ਐੱਸ. ਪੀ.

ਡੀ. ਐੱਸ. ਪੀ. ਗੁਰਤੇਜ ਸਿੰਘ ਨੇ ਦੋਵੇਂ ਧਿਰਾਂ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ 9 ਸਤੰਬਰ ਨੂੰ ਉਹ ਖੁਦ ਉਨ੍ਹਾਂ ਦੇ ਪਿੰਡ ਆ ਕੇ ਬੈਠ ਕੇ ਅਮਨ ਸ਼ਾਂਤੀ ਨਾਲ ਉਨ੍ਹਾਂ ਦੀ ਉਕਤ ਲਡ਼ਾਈ ਨੂੰ ਸੁਲਝਾਉਣਗੇ। ਉਨ੍ਹਾਂ ਨੇ ਦੋਵਾਂ ਧਿਰਾਂ ਵੱਲੋਂ ਆਪਣੇ-ਆਪਣੇ ਧਾਰਮਕ ਅਸਥਾਨਾਂ ਤੋਂ ਭਡ਼ਕਾਊ ਅਨਾਊਂਸਮੈਂਟ ਕਰਵਾਉਣ ’ਤੇ ਸਖ਼ਤ ਸ਼ਬਦਾਂ ਵਿਚ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕੀਤੀ।

ਵਰਣਨਯੋਗ ਹੈ ਕਿ 3 ਘੰਟਿਆਂ ਤੱਕ ਚੱਲੀ ਉਕਤ ਲਡ਼ਾਈ ਨੂੰ ਸ਼ਾਂਤ ਕਰਨ ਲਈ ਖੁਦ ਤਹਿਸੀਲਦਾਰ ਗੁਰਮੇਲ ਸਿੰਘ ਨੇ ਹੱਡਾ-ਰੋਡ਼ੀ ਦੇ ਅੰਦਰ ਹੀ ਧੁੱਪ ’ਚ ਮੰਜਾ ਡਾਹ ਕੇ ਬੈਠੇ ਰਹੇ।

Bharat Thapa

This news is Content Editor Bharat Thapa