ਸੈਨੇਟਾਈਜ਼ਰ ਦੀ ਬੋਤਲ ਨੂੰ ਅੱਗ ਲੱਗਣ ਕਾਰਨ ਧਮਾਕਾ, ਇਕ ਔਰਤ ਜ਼ਖਮੀ
08/12/2022 1:05:15 PM
ਡੇਰਾਬੱਸੀ (ਗੁਰਪ੍ਰੀਤ) : ਡੇਰਾਬੱਸੀ ਦੇ ਸਾਧੂ ਨਗਰ ਦੀ ਗਲੀ ਨੰਬਰ-7 'ਚ ਇਕ ਔਰਤ ਘਰ ਦੀ ਸਫ਼ਾਈ ਕਰ ਰਹੀ ਸੀ। ਇਸ ਦੌਰਾਨ ਕਬਾੜ 'ਚ ਲੱਗੀ ਅੱਗ ਦੌਰਾਨ ਸੈਨੀਟਾਈਜ਼ਰ ਦੀ ਬੋਤਲ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਨਾਲ ਔਰਤ ਜ਼ਖਮੀ ਹੋ ਗਈ। ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਕਤ ਕਾਲੋਨੀ ਦੇ ਮਕਾਨ ਨੰਬਰ-1563 ਦੇ ਵਸਨੀਕ ਨਿਤੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੋਂ ਘਰ ਸ਼ਿਫ਼ਟ ਕਰ ਕੇ ਸਰਸਵਤੀ ਵਿਹਾਰ ਵਿਖੇ ਮਕਾਨ ਲਿਆ ਹੈ। ਇਸ ਸਬੰਧੀ ਸਾਧੂ ਨਗਰ ਸਥਿਤ ਘਰ ਦੀ ਸਫ਼ਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਜਦੋਂ ਕਬਾੜ ਨੂੰ ਇਕੱਠਾ ਕਰ ਕੇ ਅੱਗ ਲਾਈ ਜਾ ਰਹੀ ਸੀ ਤਾਂ ਜ਼ੋਰਦਾਰ ਧਮਾਕਾ ਹੋਇਆ ਅਤੇ ਉਸ ਦੀ 45 ਸਾਲਾ ਮਾਂ ਦੌਲਤ ਦੇਵੀ ਜ਼ਖਮੀ ਹੋ ਗਈ।
ਕਬਾੜ 'ਚ ਇਕ ਪੁਰਾਣੀ ਸੈਨੇਟਾਈਜ਼ਰ ਦੀ ਬੋਤਲ ਪਈ ਸੀ, ਜੋ ਅੱਗ ਲੱਗਣ ਕਾਰਨ ਫਟ ਗਈ। ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਨਿਤੀਸ਼ ਨੇ ਦੱਸਿਆ ਕਿ ਹਾਦਸੇ ਸਮੇਂ ਘਰ 'ਚ ਮਾਂ ਤੋਂ ਇਲਾਵਾ ਪਿਤਾ ਅਤੇ ਦੋ ਭਰਾ ਸਨ। ਉਹ ਅੰਦਰੋਂ ਹੋਰ ਕਬਾੜ ਲਿਆ ਰਿਹਾ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।