ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ 2 ਗ੍ਰਿਫਤਾਰ

Sunday, Jan 13, 2019 - 01:46 AM (IST)

ਮੋਗਾ, (ਆਜ਼ਾਦ)- ਮੋਗਾ ਪੁਲਸ ਵਲੋਂ ਵ੍ਹੀਕਲ ਚੋਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਸਮਾਲਸਰ ਪੁਲਸ ਨੇ ਦੋ ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਸਮਾਲਸਰ ਦੇ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਜਦ ਉਹ ਸਹਾਇਕ ਥਾਣੇਦਾਰ ਗੁਰਨਾਇਬ ਸਿੰਘ ਅਤੇ ਹੋਰ ਪੁਲਸ ਕਰਮਚਾਰੀਆਂ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂੁਤਰਾਂ ਤੋਂ ਜਾਣਕਾਰੀ ਮਿਲੀ ਕਿ ਹਲਵਿੰਦਰ ਸਿੰਘ ਉਰਫ ਚਿਡ਼ਾ ਅਤੇ ਗੁਰਵਿੰਦਰ ਸਿੰਘ ਉਰਫ ਛਿੰਦਾ ਨਿਵਾਸੀ ਪਿੰਡ ਭਲੂਰ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਅੱਜ ਵੀ ਉਹ ਚੋਰੀ ਦੇ ਦੋ ਮੋਟਰਸਾਈਕਲਾਂ ’ਤੇ ਇਲਾਕੇ ’ਚ ਉਨ੍ਹਾਂ ਨੂੰ ਵਿੱਕਰੀ ਕਰਨ ਲਈ ਘੁੰਮ ਰਹੇ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ ’ਤੇ ਅਸੀਂ ਪਿੰਡ ਭਲੂਰ ਕੋਲ ਵਿਸ਼ੇਸ਼ ਨਾਕਾਬੰਦੀ ਕੀਤੀ। ਜਦੋਂ ਹੀ ਉਕਤ ਦੋਨੋਂ ਬਿਨਾਂ ਨੰਬਰੀ ਮੋਟਰਸਾਈਕਲਾਂ  ’ਤੇ ਆਏ ਅਤੇ ਹੋਰ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਉਕਤ ਮੋਟਰਸਾਈਕਲਾਂ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਦਬੋਚ ਲਿਆ।  ਥਾਣੇਦਾਰ ਵਕੀਲ ਸਿੰਘ ਨੇ ਕਿਹਾ ਕਿ ਜਦ ਦੋਨੋਂ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਨੋਂ ਮੋਟਰਸਾਈਕਲ ਉਨ੍ਹਾਂ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਕੀਤੇ ਸਨ, ਜਿਨ੍ਹਾਂ ਨੂੰ ਉਹ ਵਿੱਕਰੀ ਕਰਨ ਲਈ ਜਾ ਰਹੇ ਸੀ ਤਾਂ ਪੁਲਸ ਦੇ ਕਾਬੂ ਆ ਗਏ। ਦੋਵਾਂ ਦੋਸ਼ੀਆਂ ਖਿਲਾਫ ਥਾਣਾ ਸਮਾਲਸਰ ’ਚ ਮਾਮਲਾ ਦਰਜ ਕਰਨ ਦੇ ਬਾਅਦ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਦੋਵਾਂ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦਾ ਆਦੇਸ਼ ਦਿੱਤਾ।


Related News