ਮੀਂਹ ਨਾਲ ਮੌਸਮ ਹੋਇਆ ਖੁਸ਼ ਮਿਜਾਜ਼, ਗਰਮੀ ਤੋਂ ਮਿਲੀ ਵੱਡੀ ਰਾਹਤ

06/18/2019 12:01:27 PM

ਭਵਾਨੀਗੜ੍ਹ(ਕਾਂਸਲ) : ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਸੋਮਵਾਰ ਦੇਰ ਸ਼ਾਮ ਨੂੰ ਪਏ ਤੇਜ਼ ਮੀਂਹ ਨਾਲ ਮੌਸਮ ਬਹੁਤ ਹੀ ਖੁਸ਼ ਮਿਜਾਜ ਹੋ ਗਿਆ। ਮੀਂਹ ਨਾਲ ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ।

ਅਸਮਾਨ ਵਿਚ ਛਾਏ ਬੱਦਲਾਂ ਨਾਲ ਕਿਸਾਨਾਂ ਦੇ ਚਿਹਰੇ ਖਿੜ ਉਠੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਵੀ ਇੰਦਰ ਦੇਵਤਾ ਦੀ ਮੇਹਰਬਾਨੀ ਇਸੇ ਤਰ੍ਹਾਂ ਕਿਸਾਨਾਂ ਉਪਰ ਬਣੀ ਰਹਿੰਦੀ ਹੈ ਤਾਂ ਇਸ ਨਾਲ ਜਿਥੇ ਖੇਤਾਂ ਵਿਚ ਝੋਨੇ ਦੀ ਵਧੀਆ ਪੈਦਾਵਾਰ ਹੋਵੇਗੀ, ਉਥੇ ਮੀਂਹ ਨਾਲ ਕਿਸਾਨਾਂ ਦਾ ਖਰਚ ਵੀ ਘੱਟ ਹੋਵੇਗਾ ਅਤੇ ਨਾਲ ਹੀ ਨਾਲ ਬਿਜਲੀ ਦੀ ਕਿੱਲਤ ਦਾ ਵੀ ਲੋਕਾਂ ਨੂੰ ਸਾਹਮਣਾ ਨਹੀਂ ਕਰਨਾ ਪਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਗਰਮੀ ਤੋਂ ਰਾਹਤ ਮਿਲਣ ਕਾਰਨ ਖੇਤਾਂ ਵਿਚ ਝੋਨਾ ਲਗਾ ਰਹੇ ਮਜਦੂਰਾਂ ਅਤੇ ਕਿਸਾਨਾਂ ਨੂੰ ਵੀ ਬਹੁਤ ਅਸਾਨੀ ਹੋਈ ਹੈ ਅਤੇ ਮੌਸਮ ਠੰਡਾ ਹੋਣ ਨਾਲ ਕੰਮ ਜ਼ਿਆਦਾ ਨਿਬੜਦਾ ਹੈ। ਆਮ ਬੁੱਧੀ ਜੀਵੀਆਂ ਦਾ ਕਹਿਣਾ ਹੈ ਕਿ ਇਹ ਮੀਂਹ ਵਾਤਾਵਰਣ ਲਈ ਵੀ ਕਾਫੀ ਲਾਹੇਬੰਦ ਸਿੱਧ ਹੋਵੇਗਾ। ਮੀਂਹ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸਥਿਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ। ਤੇਜ਼ ਗਰਮੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਰੱਖਿਆ ਸੀ ਜਿਸ ਕਾਰਨ ਬਾਜ਼ਾਰਾਂ ਵਿਚ ਰੌਣਕਾਂ ਗਾਇਬ ਹੋ ਕੇ ਛਾਏ ਸਨਾਟੇ ਕਾਰਨ ਦੁਕਾਨਦਾਰਾਂ ਨੂੰ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੌਸਮ ਵਿਚ ਆਈ ਤਬਦੀਲੀ ਅਤੇ ਮੀਂਹ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਵੀ ਰੌਣਕ ਪਰਤ ਆਈ ਹੈ।

cherry

This news is Content Editor cherry