ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਪ੍ਰੈਸ਼ਰ ਹਾਰਨਾਂ ਦੀ ਵਰਤੋਂ, ਲੋਕ ਪ੍ਰੇਸ਼ਾਨ

02/10/2020 3:10:39 PM

ਭਵਾਨੀਗੜ੍ਹ (ਵਿਕਾਸ) : ਸੁਪਰੀਮ ਕੋਰਟ ਵੱਲੋਂ ਭਾਵੇਂ ਕਿ ਵਾਹਨਾਂ 'ਤੇ ਲੱਗੇ ਪ੍ਰੈਸ਼ਰ ਹਾਰਨਾਂ ਖਿਲਾਫ ਮੁਕੰਮਲ ਪਾਬੰਦੀ ਬਹੁਤ ਸਾਲ ਪਹਿਲਾਂ ਲਗਾ ਦਿੱਤੀ ਗਈ ਪਰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਿਚ ਹੁਣ ਤੱਕ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਹਾਲਾਂਕਿ ਬੀਤੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਾਹਨਾਂ 'ਤੇ ਧੜੱਲੇ ਨਾਲ ਕੀਤੀ ਜਾ ਰਹੀ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨੂੰ ਰੋਕਣ ਲਈ ਸੂਬਾ ਸਰਕਾਰ ਨੂੰ ਝਾੜ ਪਾ ਕੇ ਪ੍ਰੈਸ਼ਰ ਹਾਰਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਬਾਰੇ ਸੂਬਾ ਸਰਕਾਰ ਨੇ ਥੋੜ੍ਹੀ ਜਿਹੀ ਲਿਪਾਪੋਚੀ ਕਰ ਕੇ ਸਖਤੀ ਤਾਂ ਕੀਤੀ ਪਰ ਇਹ ਜ਼ਿਆਦਾ ਦੇਰ ਅਤੇ ਪੂਰਨ ਰੂਪ ਵਿਚ ਲਾਗੂ ਨਾ ਕਰ ਸਕੀ। ਆਮ ਲੋਕਾਂ ਦਾ ਕਹਿਣਾ ਹੈ ਕਿ ਅੱਜ ਵੀ ਸੂਬੇ ਅੰਦਰ ਹਜ਼ਾਰਾਂ ਵੱਡੇ-ਛੋਟੇ ਵਾਹਨਾਂ ਸਮੇਤ ਸਰਕਾਰੀ ਮਸ਼ੀਨਰੀ 'ਤੇ ਪ੍ਰੈਸ਼ਰ ਹਾਰਨ ਲੱਗੇ ਆਮ ਵੱਜਦੇ ਦੇਖੇ ਜਾ ਸਕਦੇ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸ਼ਨ ਕਾਰਵਾਈ ਕਰਨ ਦੀ ਬਜਾਏ ਅਵੇਸਲਾ ਹੋਇਆ ਬੈਠਾ ਹੈ। ਭਵਾਨੀਗੜ੍ਹ ਸ਼ਹਿਰ ਅੰਦਰ ਵੀ ਪ੍ਰੈਸ਼ਰ ਹਾਰਨਾਂ ਦੇ ਕੰਨ-ਪਾੜਵੇਂ ਸ਼ੋਰ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਛੋਟੇ ਬੱਚਿਆਂ ਨੂੰ ਉੱਚਾ ਸੁਣਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੇ ਵਾਹਨਾਂ ਦੇ ਹਾਰਨਾਂ ਕਰ ਕੇ ਛੋਟੇ ਵਾਹਨ ਚਾਲਕ ਅਤੇ ਖਾਸ ਕਰ ਕੇ ਦੋ ਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ। ਹਰ ਪਾਸਿਓਂ ਪ੍ਰੈਸ਼ਰ ਹਾਰਨਾਂ ਦੀਆਂ ਆਵਾਜ਼ਾਂ ਆਮ ਇਨਸਾਨਾਂ ਅੰਦਰ ਚਿੜਚਿੜੇਪਣ ਨੂੰ ਵੀ ਵਧਾਅ ਰਹੀਆਂ ਹਨ। ਸੂਬੇ ਅੰਦਰ ਚੱਲ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ 'ਤੇ ਲੱਗੇ ਪ੍ਰੈਸ਼ਰ ਹਾਰਨਾਂ ਕਰਕੇ ਵੀ ਆਮ ਲੋਕ ਢਾਡੇ ਦੁਖੀ ਹਨ।

ਪ੍ਰੈੱਸ਼ਰ ਹਾਰਨ ਬੱਸ ਦੇ ਹੇਠਾਂ ਲੱਗਣ ਲੱਗੇ
ਬੀਤੇ ਸਮੇਂ ਦੌਰਾਨ ਜਦੋਂ ਮਾਣਯੋਗ ਅਦਾਲਤਾਂ ਦੀ ਸਖਤੀ ਹੋਣ ਲੱਗੀ ਤਾਂ ਪ੍ਰੈਸ਼ਰ ਹਾਰਨਾਂ ਨੂੰ ਛੱਤਾਂ ਤੋਂ ਉਤਰਵਾ ਕੇ ਬੱਸਾਂ ਦੇ ਹੇਠਲੇ ਪਾਸੇ ਲਗਵਾਉਣ ਦੀ ਪ੍ਰੀਕਿਰਿਆ ਆਰੰਭ ਕਰ ਦਿੱਤੀ ਹੈ ਤਾਂ ਕਿ ਅਧਿਕਾਰੀਆਂ ਵੱਲੋਂ ਮੌਕਾ ਦੇਖਣ 'ਤੇ ਇਹ ਅੱਖੋਂ ਓਹਲੇ ਰਹਿਣ ਤੇ ਵਾਹਨਾਂ 'ਤੇ ਲੱਗੇ ਵੀ ਰਹਿਣ।

ਹੋਣ ਭਾਰੀ ਜੁਰਮਾਨੇ
ਸ਼ਹਿਰ ਦੀ ਪ੍ਰਮੁੱਖ ਸਮਾਜਿਕ ਤੇ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੇ ਸਰਪ੍ਰਸਤ ਵਰਿੰਦਰ ਸਿੰਗਲਾ, ਪ੍ਰਧਾਨ ਵਿਨੋਦ ਸਿੰਗਲਾ ਤੋਂ ਇਲਾਵਾ ਵਿਸ਼ਾਲ ਭਾਵਰੀ, ਪ੍ਰਵੀਨ ਅਗਰਵਾਲ ਆਦਿ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਸਿਰ 'ਤੇ ਹਨ ਤੇ ਸ਼ਹਿਰ ਵਿਚ ਉੱਚੀ ਆਵਾਜ਼ਾਂ ਵਿਚ ਵੱਜਦੇ ਪ੍ਰੈਸ਼ਰ ਹਾਰਨਾਂ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਇਕਾਗਰਤਾ ਵੀ ਭੰਗ ਹੋ ਰਹੀ ਹੈ। ਆਗੂਆਂ ਨੇ ਆਖਿਆ ਕਿ ਪ੍ਰਸ਼ਾਸ਼ਨ ਨੂੰ ਖਾਸ ਕਰਕੇ ਇਨ੍ਹਾਂ ਦਿਨਾਂ ਵਿਚ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਨ ਵਾਲੇ ਵਾਹਨਾਂ ਦੀ ਚੈਕਿੰਗ ਕਰਕੇ ਚਾਲਕਾਂ ਤੋਂ ਭਾਰੀ ਜੁਰਮਾਨੇ ਵਸੂਲ ਕੇ ਪ੍ਰੈਸ਼ਰ ਹਾਰਨ ਉਤਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸ਼ੋਰ ਪ੍ਰਦੂਸ਼ਨ ਤੋਂ ਰਾਹਤ ਮਿਲ ਸਕੇ।

ਜਲਦ ਚੈਕਿੰਗ ਕਰਾਂਗੇ: ਛੀਨਾ
ਇਸ ਸਬੰਧੀ ਜਦੋਂ ਟਰਾਂਸਪੋਰਟ ਵਿਭਾਗ ਦੇ ਆਰ.ਟੀ.ਏ. ਕਰਨਵੀਰ ਸਿੰਘ ਛੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਪ੍ਰੈਸ਼ਰ ਹਾਰਨਾਂ ਸਬੰਧੀ ਚੈੱਕਿੰਗ ਕਰ ਰਹੇ ਹਨ ਤੇ ਭਵਾਨੀਗੜ੍ਹ ਇਲਾਕੇ ਵਿਚ ਵੀ ਜਲਦ ਹੀ ਵਾਹਨਾਂ ਦੀ ਚੈਕਿੰਗ ਕਰ ਕੇ ਅਜਿਹੇ ਵਾਹਨ ਚਾਲਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।


cherry

Content Editor

Related News