ਲੋਕ ਭਲਾਈ ਸਕੀਮਾਂ ਤੋਂ ਵਾਂਝੇ ਗਰੀਬ ਪਰਿਵਾਰਾਂ ਨੇ ਕੈਪਟਨ ਸਰਕਾਰ ਦਾ ਕੀਤਾ ਪਿੱਟ ਸਿਆਪਾ

02/20/2020 2:17:58 PM

ਭਵਾਨੀਗੜ੍ਹ (ਵਿਕਾਸ) : ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਹੋਰ ਸਹੂਲਤਾ ਤੋਂ ਵਾਂਝੇ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਨੇ ਅੱਜ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪਿੰਡਾਂ ਵਿਚ ਸੱਤਾਧਾਰੀ ਪਾਰਟੀ ਦੇ ਲੋਕਾਂ 'ਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਤਹਿਤ ਮਿਲਣ ਵਾਲੇ ਲਾਭਾਂ ਨੂੰ ਜਾਣਬੁੱਝ ਕੇ ਬੰਦ ਕਰਾਉਣ ਦਾ ਦੋਸ਼ ਲਗਾਇਆ। ਲੋਕਾਂ ਨੇ ਦੱਸਿਆ ਕਿ ਸਰਕਾਰੀ ਆਟਾ ਦਾਲ ਸਕੀਮ ਸਮੇਤ ਬੁਢਾਪਾ ਪੈਨਸ਼ਨ ਆਦਿ ਬੰਦ ਕਰਕੇ ਲੋੜਵੰਦ ਲਾਭਪਾਤਰੀਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਕਿਸੇ ਸਰਕਾਰੀ ਦੁਆਰੇ ਵੀ ਸੁਣਵਾਈ ਨਹੀਂ ਹੋ ਰਹੀ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਦਿਨੇਸ਼ ਬਾਂਸਲ ਨੇ ਲਾਭਪਾਤਰੀਆਂ ਦੀਆਂ ਸਰਕਾਰੀ ਸਕੀਮਾਂ ਨੂੰ ਬੰਦ ਕਰਨ 'ਤੇ ਕੈਪਟਨ ਸਰਕਾਰ ਦੀ ਜੰਮਕੇ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਨਤਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ, ਕਿਉਂਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਝੂਠੇ ਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦਾ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਸ਼ਗਨ ਸਕੀਮ, ਗਰੀਬਾਂ ਨੂੰ 5 ਮਰਲੇ ਪਲਾਟ, ਸਸਤੀ ਬਿਜਲੀ ਤੇ ਸਿੱਖਿਆ, ਕਿਸਾਨਾਂ ਮਜ਼ਦੂਰਾਂ ਦਾ ਪੂਰਨ ਕਰਜ਼ਾ ਮੁਆਫ਼ੀ, ਨਸ਼ਾ ਮੁਕਤੀ ਆਦਿ ਵਾਅਦਿਆਂ 'ਚੋਂ ਇਕ ਵੀ ਵਾਅਦਾ ਵਫ਼ਾ ਨਹੀ ਹੋਇਆ ਪਰ ਦੂਜੇ ਪਾਸੇ ਸਰਕਾਰ ਅਪਣੀਆਂ ਖਾਮੀਆਂ ਨੂੰ ਲੁਕਾਉਣ ਲਈ ਸਰਕਾਰੀ ਸਹੂਲਤਾਂ ਲਈ ਕੈਂਪ ਤੇ ਰੋਜ਼ਗਾਰ ਮੇਲੇ ਲਗਾ ਕੇ ਜਨਤਾ ਨੂੰ ਬੁੱਧੂ ਬਣਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਪੈਨਸ਼ਨਾਂ ਕੱਟਣ ਆਦਿ ਮਸਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ 'ਆਪ' ਵੱਲੋਂ ਸੂਬਾ ਪੱਧਰੀ ਸ਼ੰਘਰਸ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਅਬਜ਼ਰਬਰ ਗੁਰਦੀਪ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਆਲੋਅਰਖ਼, ਹਰਭਜਨ ਸਿੰਘ ਹੈਪੀ ਆਦਿ ਆਗੂ ਹਾਜ਼ਰ ਸਨ।


cherry

Content Editor

Related News