ਹੋਰ ਅੱਥਰੂ ਕਢਵਾਏਗਾ ਪਿਆਜ਼, ਵੱਧ ਸਕਦੇ ਨੇ ਭਾਅ

12/31/2019 12:43:46 PM

ਭਵਾਨੀਗੜ੍ਹ (ਵਿਕਾਸ) : ਪਿਆਜ਼ ਕਾਰਨ ਪਹਿਲਾਂ ਹੀ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਹਨ ਪਰ ਆਉਣ ਵਾਲੇ ਨਵੇਂ ਵਰ੍ਹੇ 'ਚ ਪਿਆਜ਼ ਦੀਆਂ ਕੀਮਤਾਂ ਲੋਕਾਂ ਨੂੰ ਹੋਰ ਰੁਲਾ ਸਕਦੀਆਂ ਹਨ ਕਿਉਂਕਿ ਮਹਾਰਾਸ਼ਟਰ ਸੂਬੇ 'ਚ ਹੋਈ ਬਾਰਸ਼ ਤੋਂ ਬਾਅਦ ਪਿਆਜ਼ ਦੇ ਭਾਅ ਹੋਰ ਵਧਣ ਦੇ ਆਸਾਰ ਹਨ। ਲੋਕਾਂ ਨੂੰ ਰਾਹਤ ਦੇਣ ਲਈ ਭਾਵੇਂ ਕੇਂਦਰ ਸਰਕਾਰ ਨੇ ਵਿਦੇਸ਼ਾਂ 'ਚੋਂ ਪਿਆਜ਼ ਦਰਾਮਦ ਕੀਤਾ ਪਰ ਇਹ ਵਿਦੇਸ਼ੀ ਪਿਆਜ਼ ਵੀ ਲੋਕਾਂ ਨੂੰ ਬਹੁਤਾ ਰਾਸ ਨਹੀਂ ਆ ਰਿਹਾ। ਇਹੀ ਕਾਰਣ ਹੈ ਕਿ ਵਿਦੇਸ਼ੀ ਪਿਆਜ਼ ਦੇਸੀ ਪਿਆਜ਼ ਨਾਲੋਂ ਸਸਤਾ ਹੋਣ ਦੇ ਬਾਵਜੂਦ ਲੋਕ ਇਸ ਨੂੰ ਨਹੀਂ ਖਰੀਦ ਰਹੇ, ਜਿਸ ਕਾਰਣ ਵਿਦੇਸ਼ੀ ਪਿਆਜ਼ ਵੇਚਣ ਵਾਲੇ ਥੋਕ 'ਤੇ ਪ੍ਰਚੂਨ ਵਿਕ੍ਰੇਤਾ ਕਾਫੀ ਪ੍ਰੇਸ਼ਾਨ ਹਨ। ਕੁੱਝ ਦੁਕਾਨਦਾਰਾਂ ਨੇ ਪਿਆਜ਼ ਦੀਆਂ ਕੀਮਤਾਂ 'ਤੇ ਚੁਟਕੀ ਲੈਂਦਿਆਂ ਆਖਿਆ ਕਿ ਦੁਕਾਨ 'ਤੇ ਪਿਆਜ਼ ਖਰੀਦਣ ਆਉਣ ਵਾਲੇ ਗਾਹਕਾਂ ਨੂੰ ਉਹ ਕਈ ਵਾਰ ਕਹਿ ਵੀ ਦਿੰਦੇ ਹਨ ਕਿ ਕਮਜ਼ੋਰ ਦਿਲ ਵਾਲੇ ਪਿਆਜ਼ ਦਾ ਰੇਟ ਨਾ ਹੀ ਪੁੱਛਣ ਕਿਉਂਕਿ ਪਿਆਜ਼ ਦਾ ਭਾਅ ਸੁਣ ਕੇ ਲੋਕ ਸੁੰਨ ਹੋ ਰਹੇ ਹਨ।

ਕਈ ਗੁਣਾ ਘਟੀ ਡਿਮਾਂਡ
ਸਬਜ਼ੀ ਵਿਕ੍ਰੇਤਾਵਾਂ ਨੇ ਦੱਸਿਆ ਕਿ ਦਰਅਸਲ ਇਹ ਪਿਆਜ਼ ਜਿੱਥੇ ਜ਼ਰੂਰਤ ਤੋਂ ਜ਼ਿਆਦਾ ਵੱਡਾ ਹੈ ਉੱਥੇ ਹੀ ਸਵਾਦ 'ਚ ਵੀ ਮਿੱਠਾ ਹੈ, ਜਿਸ ਕਾਰਣ ਲੋਕ ਇਸ ਨੂੰ ਖਰੀਦਣ ਤੋਂ ਪ੍ਰਹੇਜ਼ ਕਰਦੇ ਹਨ। ਉੱਥੇ ਹੀ ਤੁਰਕੀ ਨੇ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਾ ਦਿੱਤੀ ਹੈ ਅਤੇ ਮਹਾਰਾਸ਼ਟਰ 'ਚ ਬਰਸਾਤਾਂ ਕਾਰਣ ਕਿਸਾਨ ਪਿਆਜ਼ ਨਹੀਂ ਕੱਢ ਸਕਣਗੇ, ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਪਿਆਜ਼ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਵੇਗਾ। ਬੁੱਧਵਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ ਪਰ ਹੁਣ ਤੋਂ ਹੀ ਪਿਆਜ਼ ਦੀਆਂ ਕੀਮਤਾਂ ਨੇ ਆਮ ਲੋਕਾਂ ਦੇ ਘਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਮੌਜੂਦਾ ਸਮੇਂ 'ਚ 100 ਤੋਂ 120 ਰੁਪਏ ਕਿਲੋ ਵਿਕ ਰਹੇ ਪਿਆਜ਼ ਨੇ ਪਿਛਲੇ ਚਾਰ ਮਹੀਨਿਆਂ ਤੋਂ ਲੋਕਾਂ ਨੂੰ ਤੜਫਾ ਛੱਡਿਆ ਹੈ ਅਤੇ ਲੋਕ ਪਿਆਜ਼ ਦੀਆਂ ਕੀਮਤਾਂ ਘਟਣ ਦੀ ਉਡੀਕ ਕਰ ਰਹੇ ਹਨ। ਸਬਜ਼ੀ ਮੰਡੀ 'ਚ ਵਪਾਰ ਕਰਨ ਵਾਲੇ ਆੜ੍ਹਤੀਆਂ ਦੀ ਮੰਨੀਏ ਤਾਂ ਹੁਣ ਤੱਕ ਦੇਸੀ ਪਿਆਜ਼ ਦੀਆਂ ਕੀਮਤਾਂ ਘਟਣ ਦੀ ਕੋਈ ਉਮੀਦ ਨਹੀਂ ਦਿਖ ਰਹੀ ਹੈ, ਉੱਥੇ ਹੀ ਵਪਾਰੀਆਂ ਦਾ ਵੀ ਮੰਨਣਾ ਹੈ ਕਿ ਦੇਸੀ ਪਿਆਜ਼ ਦੇ ਮੁਕਾਬਲੇ ਵਿਦੇਸ਼ੀ ਪਿਆਜ਼ ਦਾ ਸਵਾਦ ਕੋਈ ਖਾਸ ਨਹੀਂ ਹੈ।

ਘਰੇਲੂ ਮਹਿਲਾ ਰਜਨੀ ਬਾਲਾ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਨੇ ਨੱਕ 'ਚ ਦਮ ਕਰ ਰੱਖਿਆ ਹੈ ਇਸ ਲਈ ਸਬਜ਼ੀ ਬਣਾਉਣ ਸਮੇਂ ਤੜਕਾ ਲਾਉਣ ਲਈ ਛੋਟੇ ਸਾਈਜ਼ ਦੇ ਇਕ ਜਾਂ ਦੋ ਪਿਆਜ਼ ਹੀ ਪਾ ਰਹੇ ਹਾਂ। ਮਾਰਕੀਟ 'ਚ ਆ ਰਹੇ ਵਿਦੇਸ਼ੀ ਪਿਆਜ਼ ਦਾ ਵਜ਼ਨ ਬਹੁਤ ਜ਼ਿਆਦਾ ਹੈ ਜੇਕਰ ਵੱਡੇ ਸਾਈਜ਼ ਦਾ ਇਕ ਪਿਆਜ਼ ਕੱਟ ਕੇ ਸਬਜ਼ੀ 'ਚ ਪਾਇਆ ਜਾਵੇ ਤਾਂ ਬਚਿਆ ਪਿਆਜ਼ ਬੇਕਾਰ ਹੀ ਜਾਂਦਾ ਹੈ। ਵਿਦੇਸ਼ੀ ਪਿਆਜ਼ ਵੀ ਬਾਜ਼ਾਰ 'ਚ 80 ਰੁਪਏ ਕਿਲੋ ਤੋਂ ਘੱਟ ਨਹੀਂ ਮਿਲ ਰਿਹਾ। ਜਦੋਂਕਿ ਲੋਕਾਂ ਨੂੰ ਉਮੀਦ ਸੀ ਕਿ ਵਿਦੇਸ਼ੀ ਪਿਆਜ਼ ਉਨ੍ਹਾਂ ਨੂੰ ਸਸਤੇ ਭਾਅ 'ਤੇ ਮਿਲੇਗਾ ਪਰ ਅਜਿਹਾ ਨਹੀਂ ਹੋਇਆ। ਇਸ ਕਰਕੇ ਉਹ ਵਿਦੇਸ਼ੀ ਪਿਆਜ਼ ਨਹੀਂ ਖਰੀਦ ਰਹੇ। ਸਰਕਾਰ ਨੂੰ ਜਲਦ ਤੋਂ ਜਲਦ ਪਿਆਜ਼ ਦੀਆਂ ਕੀਮਤਾਂ 'ਤੇ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ਪਿਆਜ਼ ਆਮ ਲੋਕਾਂ ਦੀ ਪਹੁੰਚ 'ਚ ਰਹੇ।

cherry

This news is Content Editor cherry