5 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਸਰਕਾਰ, ਦਿੱਤਾ ਭਰੋਸਾ

01/07/2020 5:24:26 PM

ਭਵਾਨੀਗੜ੍ਹ (ਵਿਕਾਸ) : ਪਰਚੇ ਰੱਦ ਕਰਵਾਉਣ ਅਤੇ ਜ਼ਬਤ ਕੰਬਾਇਨਾਂ ਨੂੰ ਰਿਲੀਜ਼ ਕਰਵਾਉਣ ਲਈ ਪਿਛਲੇ 5 ਦਿਨਾਂ ਤੋਂ ਲਗਾਤਾਰ ਭਵਾਨੀਗੜ੍ਹ ਥਾਣੇ ਅੱਗੇ ਦਿਨ-ਰਾਤ ਦੇ ਪੱਕੇ ਮੋਰਚੇ 'ਤੇ ਬੈਠੇ ਕਿਸਾਨਾਂ ਦਾ ਰੋਹ ਮੰਗਲਵਾਰ ਨੂੰ ਉਸ ਸਮੇਂ ਹੋਰ ਭੱਖ ਗਿਆ ਜਦੋਂ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਸਬੰਧੀ ਗੱਲਬਾਤ ਕਰਨ ਦੇ ਦਿੱਤੇ ਸਮੇਂ ਤੋਂ ਲਗਭਗ ਡੇਢ ਘੰਟੇ ਬਾਅਦ ਵੀ ਕੋਈ ਅਧਿਕਾਰੀ ਕਿਸਾਨਾਂ ਦੇ ਧਰਨੇ 'ਚ ਨਾ ਪਹੁੰਚਿਆ। ਭੜਕੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜੀ ਕਰਦਿਆਂ ਥਾਣੇ ਅੱਗਿਓਂ ਧਰਨਾ ਚੁੱਕ ਕੇ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ਦੇ ਇਕ ਪਾਸੇ ਨੂੰ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਹਾਲਾਂਕਿ ਕੁੱਝ ਹੀ ਮਿੰਟਾਂ ਵਿਚ ਗੋਬਿੰਦ ਸਿੰਘ ਡੀ.ਐੱਸ.ਪੀ. ਭਵਾਨੀਗੜ੍ਹ ਵੱਲੋਂ ਧਰਨਾਕਾਰੀ ਕਿਸਾਨਾਂ 'ਚ ਪਹੁੰਚ ਕੇ 10 ਦਿਨਾਂ 'ਚ ਮਸਲਾ ਹੱਲ ਹੋਣ ਦਾ ਭਰੋਸਾ ਦੇਣ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਤੇ ਥਾਣੇ ਅੱਗੇ ਲਾਇਆ ਪੱਕਾ ਮੋਰਚਾ ਸਮਾਪਤ ਕਰਨ ਦਾ ਐਲਾਨ ਕੀਤਾ। ਨਾਲ ਹੀ ਕਿਸਾਨਾਂ ਨੇ ਇਹ ਫੈਸਲਾ ਵੀ ਕੀਤਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸ਼ਨ ਵੱਲੋਂ 10 ਦਿਨਾਂ ਵਿਚ ਕਿਸਾਨਾਂ 'ਤੇ ਕੀਤੇ ਪਰਚੇ ਬਿਨਾਂ ਸ਼ਰਤ ਰੱਦ ਨਾ ਕੀਤੇ ਅਤੇ ਕੰਬਾਈਨਾਂ ਨੂੰ ਨਹੀਂ ਛੱਡਿਆ ਤਾਂ 20 ਜਨਵਰੀ ਤੋਂ ਸੂਬੇ ਭਰ ਵਿਚ ਡੀ. ਸੀ. ਦਫ਼ਤਰਾਂ ਅੱਗੇ ਜਥੇਬੰਦੀ ਵੱਲੋਂ ਰੋਹ ਭਰਪੂਰ ਧਰਨੇ ਦਿੱਤੇ ਜਾਣਗੇ, ਜਿਸ ਵਿਚ ਸੰਗਰੂਰ ਨੂੰ ਕੇਂਦਰ ਬਣਾਇਆ ਜਾਵੇਗਾ।

ਇਸ ਮੌਕੇ ਜ਼ਿਲਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਕਿਸਾਨਾਂ ਨਾਲ ਵਾਅਦਾ ਕਰਕੇ ਮੁਕਰ ਗਈ ਪਰ ਹੁਣ ਕਿਸਾਨਾਂ ਨੂੰ ਇਨ੍ਹਾਂ 10 ਦਿਨ 'ਚ ਆਪਣੀ ਟ੍ਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਨੂੰ ਤਿਆਰ ਬਰ ਤਿਆਰ ਰੱਖਣਾ ਜ਼ਰੂਰੀ ਹੈ, ਕਿਉਂਕਿ ਅਗਲੇ ਸੰਘਰਸ਼ ਦੀ ਤਿਆਰੀ ਜਾਰੀ ਰਹੇਗੀ। ਇਸ ਮੌਕੇ ਰਾਮ ਸਿੰਘ ਹਠੂਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਘਰਾਚੋਂ, ਰਘਬੀਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ ਆਦਿ ਆਗੂ ਹਾਜ਼ਰ ਸਨ।


cherry

Content Editor

Related News