ਕਿਸਾਨਾਂ ਨੇ ਕੀਤਾ ਖੇਤਾਂ ''ਚ ਪਰਾਲੀ ਸਾੜਨ ਦਾ ਮਤਾ ਪਾਸ

10/14/2019 5:26:19 PM

ਭਵਾਨੀਗੜ੍ਹ, (ਵਿਕਾਸ, ਸੰਜੀਵ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਇਕ ਅਹਿਮ ਇਕੱਤਰਤਾ ਐਤਵਾਰ ਨੂੰ ਅਜੈਬ ਸਿੰਘ ਲੱਖੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਘਰਾਚੋ ਵਿਖੇ ਹੋਈ। ਇਸ ਦੌਰਾਨ ਯੂਨੀਅਨ ਆਗੂਆਂ ਤੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਫਸਲ ਦੀ ਵਢਾਈ ਤੋਂ ਬਾਅਦ ਖੇਤਾਂ 'ਚ ਝੋਨੇ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕੋਈ ਬਦਲਵਾਂ ਪ੍ਰਬੰਧ ਜਾਂ ਹੱਲ ਨਾ ਸੁਝਾਉਣ 'ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਬਚੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਬਚਾਉਣ ਦੀਆਂ ਅਪੀਲਾਂ ਤਾਂ ਕਰ ਰਹੀ ਹੈ ਪਰ ਸਰਕਾਰ ਇਹ ਦੱਸ ਨਹੀਂ ਰਹੀ ਕਿ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਿਸ ਤਰੀਕੇ ਨਾਲ ਕਰਨ। ਕਿਸਾਨ ਆਗੂਆਂ ਨੇ ਆਖਿਆ ਕਿ ਖੇਤਾਂ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਸਰਕਾਰ ਹਰ ਸਮੇਂ ਕਾਰਵਾਈ ਦੇ ਨਾਂ 'ਤੇ ਡਰਾ ਧਮਕਾ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਟਵਾਰੀਆਂ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਰਜਿਸਟਰੀਆਂ ਲਾਲ ਲਕੀਰ 'ਚ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਕਿਸਾਨ ਯੂਨੀਅਨ ਕਿਸੇ ਵੀ ਕਿਸਾਨ ਦੀ ਰਜਿਸਟਰੀ 'ਤੇ ਲਾਲ ਲਕੀਰ ਨਹੀਂ ਲੱਗਣ ਦੇਵੇਗੀ। ਇਸ ਦੌਰਾਨ ਯੂਨੀਅਨ ਨੇ ਇਕ ਮਤਾ ਪਾਸ ਕਰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਦਾ ਕੋਈ ਬਦਲਵਾਂ ਹੱਲ ਲੱਭ ਕੇ ਨਹੀਂ ਦਿੱਤਾ ਜਾਂਦਾ ਕਿਸਾਨ ਆਪਣੇ ਖੇਤਾਂ 'ਚ ਇਸੇ ਤਰ੍ਹਾਂ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨਗੇ ਅਤੇ ਇਸ ਬਦਲੇ ਕਿਸਾਨਾਂ ਖਿਲਾਫ਼ ਕਾਰਵਾਈ ਕਰਨ 'ਤੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹ ਕੇ ਤਿੱਖੀ ਲੜਾਈ ਲੜੀ ਜਾਵੇਗੀ। ਇਸ ਮੌਕੇ ਲਾਭ ਸਿੰਘ ਖੁਰਾਣਾ, ਹਰਜਿੰਦਰ ਘਰਾਚੋਂ, ਜਸਵਿੰਦਰ ਕਾਲਾ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਰਘਵੀਰ ਸਿੰਘ ਘਰਾਚੋਂ ਆਦਿ ਹਾਜ਼ਰ ਸਨ ।


cherry

Content Editor

Related News