ਪਰਾਲੀ ਸਾੜਨ ਵਾਲਿਆਂ ਨੂੰ ਸਰਕਾਰ ਨੇ ਭੇਜੇ ਜੁਰਮਾਨੇ ਦੇ ਨੋਟਿਸ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

01/17/2020 5:24:22 PM

ਭਵਾਨੀਗੜ੍ਹ (ਕਾਂਸਲ) : ਪੰਜਾਬ ਸਰਕਾਰ ਵਲੋਂ ਖੇਤਾਂ ਵਿਚ ਝੋਨੇ ਦੀ ਰਹਿੰਦ-ਖੁਹੰਦ ਨੂੰ ਸਾੜਣ ਵਾਲੇ ਕਿਸਾਨਾਂ ਨੂੰ ਭੇਜੇ ਜੁਰਮਾਨਿਆਂ ਦੇ ਨੋਟਿਸਾਂ ਦਾ ਸਖ਼ਤ ਵਿਰੋਧ ਕਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਵਿਚ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਯੂਨੀਅਨਾਂ ਦੇ ਰੋਸ ਅਤੇ ਤਿੱਖੇ ਸੰਘਰਸ਼ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 2500 ਤੋਂ 5000 ਰੁਪਏ ਪ੍ਰਤੀ ਕਿਸਾਨ ਜ਼ੁਰਮਾਨੇ ਦੇ ਨੋਟਿਸ ਭੇਜੇ ਗਏ ਹਨ ਅਤੇ ਇਸ ਨੂੰ ਮਾਨਯੋਗ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਾ ਦੱÎਸਿਆ ਜਾ ਰਿਹਾ ਹੈ। ਜਦੋਂਕਿ ਮਾਨਯੋਗ ਕੋਰਟ ਨੇ ਪੰਜਾਬ ਸਰਕਾਰ ਨੂੰ ਪਰਾਲੀ ਸੰਭਾਲਣ ਲਈ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਕਿਸਾਨਾਂ ਨੂੰ ਮਸ਼ੀਨਰੀ ਦਿਵਾਉਣ ਲਈ ਵੀ ਸਖ਼ਤੀ ਨਾਲ ਹੁਕਮ ਕੀਤੇ ਸਨ, ਜਿਸ ਦੀ ਨਾ ਹੀ ਸਰਕਾਰ ਨੇ ਕੋਈ ਪਾਲਣਾ ਕੀਤੀ ਹੈ ਅਤੇ ਨਾ ਹੀ ਪ੍ਰਸਾਸ਼ਨ ਨੇ। ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਪਰਾਲੀ ਦੀ ਸੰਭਾਲ ਦੇ ਕੋਈ ਵੀ ਪ੍ਰਬੰਧ ਨਾ ਕੀਤੇ ਜਾਣ ਕਾਰਨ ਹੀ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਪਰਾਲੀ ਸਾੜਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਲਈ ਪਰਾਲੀ ਸਾੜਨ ਕਾਰਨ ਹੋਏ ਪ੍ਰਦੂਸ਼ਣ ਲਈ ਕਿਸਾਨ ਨਹੀਂ ਸਗੋਂ ਸਰਕਾਰ ਅਤੇ ਪ੍ਰਸ਼ਾਸਨ ਜਿੰਮੇਵਾਰ ਹੈ। ਇਸ ਲਈ ਮਾਨਯੋਗ ਕਰੋਟ ਨੂੰ ਕਿਸਾਨਾਂ ਨੂੰ ਜੁਰਮਾਨੇ ਕਰਨ ਦੇ ਹੁਕਮ ਜਾਰੀ ਨਾ ਕਰਕੇ ਇਸ ਲਈ ਸਰਕਾਰ ਅਤੇ ਪ੍ਰਸਾਸ਼ਨ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

ਇਸ ਮੌਕੇ 'ਤੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਤੋਂ ਜੁਰਮਾਨੇ ਦੀ ਭਰਪਾਈ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਪ੍ਰਸਾਸ਼ਨ ਵਲੋਂ ਭੇਜੇ ਜੁਰਮਾਨੇ ਨਾ ਭਰਨ ਲਈ ਕਿਹਾ। ਉਨ੍ਹਾਂ ਸਮੂਹ ਕਿਸਾਨਾਂ ਨੂੰ ਯੂਨੀਅਨ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਭੇਜੇ ਨੋਟਿਸ ਰੱਦ ਕਰੇ। ਇਸ ਮੌਕੇ 'ਤੇ ਜਗਦੇਵ ਸਿੰਘ ਘਰਾਚੋਂ ਜ਼ਿਲਾ ਮੀਤ ਪ੍ਰਧਾਨ, ਅਜੈਬ ਸਿੰਘ ਜ਼ਿਲਾ ਖ਼ਜ਼ਾਨਚੀ, ਜਗਸੀਰ ਸਿੰਘ ਬਲਾਕ ਖ਼ਜ਼ਾਨਚੀ ਆਦਿ ਕਿਸਾਨ ਮੌਜੂਦ ਸਨ।


cherry

Content Editor

Related News