ਮਾਮਲਾ ਕਿਸਾਨਾਂ ''ਤੇ ਪਰਚੇ ਦਰਜ ਹੋਣ ਦਾ, ਸ਼ੰਘਰਸ਼ ਵਿੱਢਣ ਦੇ ਰੋਹ ''ਚ ਆਈ ਕਿਸਾਨ ਜਥੇਬੰਦੀ

02/01/2020 5:04:59 PM

ਭਵਾਨੀਗੜ੍ਹ (ਵਿਕਾਸ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਅਜੈਬ ਸਿੰਘ ਲੱਖੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜ਼ਿਲਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਪੰਨਵਾਂ ਦੇ ਕਿਸਾਨ ਰਾਜਕੁਮਾਰ ਦੀ ਕੁਰਕੀ ਰੋਕਣ ਸਬੰਧੀ ਪ੍ਰਸ਼ਾਸਨ ਵੱਲੋਂ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਅਤੇ ਹੋਰਨਾਂ ਵਰਕਰਾਂ 'ਤੇ ਕੀਤੇ ਗਏ ਪਰਚਿਆਂ ਦੀ ਜਥੇਬੰਦੀ ਸਖ਼ਤ ਨਿਖੇਧੀ ਕਰਦੀ ਹੈ। ਆਗੂਆਂ ਨੇ ਕਿਹਾ ਕਿ ਚੋਣਾਂ ਲੈਣ ਦੀ ਖਾਤਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ 'ਕਰਜ਼ਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ' ਨਾਅਰੇ ਤਹਿਤ ਕਿਸਾਨ ਵਰਗ ਨੂੰ ਕੁਰਕੀ ਅਤੇ ਕਰਜ਼ਿਆਂ ਤੋਂ ਰਾਹਤ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ 'ਚ ਆਉਂਦਿਆਂ ਹੀ ਕੈਪਟਨ ਸਰਕਾਰ ਨੇ ਸਾਰੇ ਵਾਅਦੇ ਭੁੱਲ ਕੇ ਕਿਸਾਨਾਂ ਦੇ ਹਿੱਤਾਂ ਨੂੰ ਦਰ ਕਿਨਾਰ ਕਰ ਦਿੱਤਾ।

ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਤਹਿਸੀਲਦਾਰ ਵੱਲੋਂ ਇਕ ਝੂਠੀ ਅਤੇ ਮਨਘੜਤ ਕਹਾਣੀ ਬਣਾ ਕੇ ਅਦਾਲਤ ਵਿਚ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਰਾਜਕੁਮਾਰ ਦੇ ਪੁੱਤਰ ਦੇ ਦੱਸਣ ਮੁਤਾਬਕ ਉਸ ਦੇ ਪਿਤਾ ਨੇ ਬੁਢਲਾਡਾ ਦੇ ਕਿਸੇ ਫਾਇਨਾਂਸਰ ਕੋਲੋਂ 3.5 ਲੱਖ ਰੁਪਏ ਲਏ ਸਨ ਜਿਸ 'ਚੋਂ ਤਿੰਨ ਲੱਖ ਰੁਪਏ ਫਾਇਨਾਂਸਰ ਨੂੰ ਵਾਪਸ ਕਰ ਦਿੱਤੇ ਗਏ ਸਨ ਤੇ 50 ਹਜ਼ਾਰ ਰੁਪਏ ਬਾਕੀ ਸਨ, ਜਿਸ ਵਿਚ ਜਰਨੈਲ ਸਿੰਘ ਤੋਂ ਕੋਈ ਵੀ ਪੈਸਾ ਰਾਜ ਕੁਮਾਰ ਨੇ ਨਹੀਂ ਲਿਆ ਸੀ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਹਰੇਕ ਪ੍ਰੋਗਰਾਮ ਬਹੁਤ ਹੀ ਸ਼ਾਂਤਮਈ ਢੰਗ ਨਾਲ ਕੀਤਾ ਜਾਂਦਾ ਹੈ ਪਰ ਉਕਤ ਮਾਮਲੇ 'ਚ ਰੰਜਿਸ਼ਨ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਵਾਏ ਗਏ ਹਨ। ਆਗੂਆਂ ਨੇ ਕਿਹਾ ਕਿ ਕਿਸਾਨਾਂ 'ਤੇ ਪਰਚੇ ਕਰਵਾ ਕੇ ਪ੍ਰਸ਼ਾਸਨ ਕਿਰਤੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਨੇ ਐਲਾਨ ਕੀਤਾ ਕਿ 27 ਫਰਵਰੀ ਨੂੰ ਹੋਣ ਵਾਲੀ ਕੁਰਕੀ ਦੇ ਵਿਰੋਧ 'ਚ ਪਿੰਡ ਪੰਨਵਾਂ ਵਿਖੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ 'ਚ ਭਵਾਨੀਗੜ੍ਹ ਪੁਲਸ ਪ੍ਰਸ਼ਾਸਨ ਅਤੇ ਤਹਿਸੀਲਦਾਰ ਵੱਲੋਂ ਕਿਸਾਨਾਂ 'ਤੇ ਪਰਚੇ ਦਰਜ ਕਰਵਾਉਣ ਦੇ ਵਿਰੋਧ 'ਚ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਘਰਾਚੋਂ, ਰਘਬੀਰ ਸਿੰਘ ਘਰਾਚੋਂ, ਜਿੰਦਰ ਸਿੰਘ ਘਰਾਚੋਂ ਆਦਿ ਕਿਸਾਨ ਆਗੂ ਹਾਜ਼ਰ ਸਨ।

cherry

This news is Content Editor cherry