ਭਵਾਨੀਗੜ੍ਹ: ਦਰਜਨ ਦੇ ਕਰੀਬ ਕਿਸਾਨਾਂ ਦੀ 5 ਏਕੜ ਕਣਕ ਦੀ ਫ਼ਸਲ ਅਤੇ 20 ਤੋਂ 25 ਏਕੜ ਨਾੜ ਸੜ ਕੇ ਸੁਆਹ

04/14/2021 6:13:10 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਕਾਕੜਾ ਵਿਖੇ ਅੱਜ ਦੁਪਹਿਰ ਅਚਾਨਕ ਖੇਤਾਂ ’ਚ ਅੱਗ ਲੱਗ ਜਾਣ ਕਾਰਨ ਦਰਜਨ ਦੇ ਕਰੀਬ ਕਿਸਾਨਾਂ ਦੀਆਂ 20 ਤੋਂ 25 ਏਕੜ ਤੂੜੀ ਬਣਾਉਣ ਯੋਗ ਨਾੜ ਅਤੇ 5 ਏਕੜ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਵਾਹ ਹੋ ਜਾਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

PunjabKesari

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚਾਇਤ ਮੈਂਬਰ ਅਤੇ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਖੇਤਾਂ ’ਚ ਰੀਪਰ ਨਾਲ ਤੂੜੀ ਬਣਾ ਰਹੇ ਸੀ ਤਾਂ ਉਨ੍ਹਾਂ ਦੇ ਖੇਤਾਂ ’ਚੋਂ ਲੰਘਦੀ ਬਿਜਲੀ ਸਪਲਾਈ ਦੀ ਇਕ ਲਾਈਨ ’ਚ ਅਚਾਨਕ ਨਿਕਲੀਆਂ ਅੱਗ ਦੀਆ ਚਿੰਗਿਆੜੀਆਂ ਕਾਰਨ ਉਨ੍ਹਾਂ ਦੇ ਖੇਤਾਂ ’ਚ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਅਤੇ ਇਹ ਅੱਗ ਤੂੜੀ ਵਾਲੀ ਟਰਾਲੀ ਨੂੰ ਵੀ ਲੱਗ ਗਈ। ਜਿਸ ਤੋਂ ਬਾਅਦ ਉਨ੍ਹਾਂ ਆਪਣਾ ਟਰੈਕਟਰ ਭਜਾ ਕੇ ਇਥੋਂ ਆਪਣਾ ਬਚਾਅ ਕੀਤਾ ਅਤੇ ਪਰ ਇਥੇ ਤੇਜ਼ ਹਵਾ ਚਲਦੀ ਹੋਣ ਕਾਰਨ ਦੇਖਦੇ ਹੀ ਦੇਖਦੇ ਇਹ ਅੱਗ ਭਾਂਵੜ ਬਣ ਕੇ ਆਲੇ ਦੁਆਲੇ ਫੈਲ ਗਈ ਅਤੇ ਇਹ ਅੱਗ ਪਿੰਡ ਕਾਕੜਾ ਦੇ ਖੇਤਾਂ ਤੋਂ ਹੁੰਦੀ ਹੋਈ ਭਵਾਨੀਗੜ੍ਹ ਸ਼ਹਿਰ ਦੇ ਖੇਤਾਂ ’ਚ ਦਾਖ਼ਲ ਹੋ ਗਈ।

ਅੱਗ ਦੀ ਘਟਨਾਂ ਦਾ ਪਤਾ ਚਲਦਿਆਂ ਹੀ ਸਥਾਨਕ ਸ਼ਹਿਰ ਅਤੇ ਪਿੰਡ ਕਾਕੜਾ ਸਮੇਤ ਆਸ ਪਾਸ ਦੇ ਹੋਰ ਪਿੰਡਾਂ ਦੇ ਗੁਰੂਘਰਾਂ ’ਚ ਇਸ ਸੰਬੰਧੀ ਅਨਾਊਂਸਮੈਂਟ ਕਰਵਾਈ ਜਿਸ ਤੋਂ ਬਾਅਦ ਟਰੈਕਟਰ ਅਤੇ ਹੋਰ ਸਾਧਨਾਂ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਲੋਕ ਬਚਾਅ ਲਈ ਘਟਨਾ ਸਥਾਨ ਉਪਰ ਪਹੁੰਚ ਗਏ ਅਤੇ ਅੱਗ ਉਪਰ ਕਾਬੂ ਪਾਉਣ ਲਈ ਜੁੱਟ ਗਏ। ਭਵਾਨੀਗੜ੍ਹ ਇਲਾਕੇ ਦੇ ਖੇਤਾਂ ’ਚ ਆ ਕੇ ਅੱਗੇ ਪਿੰਡ ਬਖੋਪੀਰ ਨੂੰ ਜਾਣ ਵਾਲੀ ਸੜਕ ਆ ਜਾਣ ਕਾਰਨ ਇਥੇ ਲੋਕਾਂ ਵੱਲੋਂ ਆਪਣੀ ਜਾਨ ਜੌਖਮ ’ਚ ਪਾ ਕੇ ਕਾਫੀ ਜਦੋਂ-ਜਹਿਦ ਕਰਕੇ ਅੱਗ ਉਪਰ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਪਿੰਡ ਕਾਕੜਾ ਅਤੇ ਭਵਾਨੀਗੜ੍ਹ ਦੇ ਦਰਜਨ ਦੇ ਕਰੀਬ ਕਿਸਾਨਾਂ ਦੀ 5 ਏਕੜ ਦੇ ਕਰੀਬ ਕਣਕ ਦੀ ਵਾਢੀ ਲਈ ਤਿਆਰ ਖੜੀ ਫ਼ਸਲ ਅਤੇ 20 ਤੋਂ 25 ਏਕੜ ਤੂੜੀ ਬਣਾਉਣ ਯੋਗ ਨਾੜ ਸੜ ਕੇ ਸੁਵਾਹ ਹੋ ਗਈ। ਇਸ ਮੌਕੇ ਪਹੁੰਚੇ ਪੁਲਸ ਅਤੇ ਸਿਵਲ ਪ੍ਰਸਾਸ਼ਨ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਘਟਨਾ ਦਾ ਜਾਇਜਾ ਲਿਆ ਜਾ ਰਿਹਾ ਸੀ।

PunjabKesari

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਪ੍ਰਿਤਪਾਲ ਸਿੰਘ ਕਾਕੜਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਅਤੇ ਹੋਰ ਕਿਸਾਨਾਂ ਨੇ ਸਵਾਲ ਖੜ੍ਹੇ ਕੀਤੇ ਭਵਾਨੀਗੜ੍ਹ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ ਦੇ ਬਾਵਜੂਦ ਅਤੇ ਇਥੇ ਹਰ ਸਾਲ ਇਲਾਕੇ ’ਚ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਅਜੇ ਤੱਕ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਨਹੀਂ ਕੀਤੀ ਗਈ। ਜਦੋਂ ਕਿ ਲੋਕਾਂ ਵੱਲੋਂ ਲਗਾਤਾਰ ਇਥੇ ਫਾਇਰ ਬ੍ਰਿਗੇਡ ਸਟੇਸ਼ਨ ਸਥਾਪਿਤ ਕਰਨ ਦੀ ਪਿਛਲੇ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਥੇ ਹੋਰ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ ਹਨ ਉਸ ਸਮੇਂ ਤੱਕ ਸਭ ਕੁਝ ਸੁਵਾਹ ਹੋ ਚੁਕਿਆ ਹੁੰਦਾ ਹੈ। ਉਨ੍ਹਾਂ ਵਿੰਅਗ ਕਸਦਿਆਂ ਕਿਹਾ ਕਿ ਫਾਇਰ ਬ੍ਰਿਗੇਡ ਦੀ ਕਾਰਗੁਜ਼ਾਰੀ ਸੱਪ ਲੰਘੇ ਤੋਂ ਲਕੀਰ ਕੁੱਟਣ ਵਾਲਾ ਕੰਮ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਸ਼ਹਿਰ ’ਚ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਜਲਦ ਕੀਤੀ ਜਾਵੇ ਅਤੇ ਸੀਜ਼ਨ ਮੌਕੇ ਆਰਜੀ ਪ੍ਰਬੰਧ ਕੀਤੇ ਜਾਣ ਅਤੇ ਨਾਲ ਅੱਗ ਦੀ ਇਸ ਘਟਨਾ ’ਚ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।


Shyna

Content Editor

Related News