ਨਗਰ ਕੌਂਸਲ ਦੀ ਕਮਾਨ ਸੰਭਾਲ ਭਵਾਨੀਗੜ੍ਹ ਸ਼ਹਿਰ ਦੇ ਵਿਕਾਸ ਨੂੰ ਕਰਾਂਗੇ ਹੋਰ ਤੇਜ਼: ਵਿਜੈਇੰਦਰ ਸਿੰਗਲਾ

02/17/2021 4:35:28 PM

ਭਵਾਨੀਗੜ੍ਹ (ਕਾਂਸਲ) : ਹਾਲ ਹੀ ਵਿਚ ਹੋਈਆਂ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਗਰਸ ਪਾਰਟੀ ਨੇ ਵੋਟਰਾਂ ਵੱਲੋਂ ਮਿਲੇ ਸਹਿਯੋਗ ਸਦਕਾ 15 ਵਿੱਚੋਂ 13 ਵਾਰਡਾਂ ’ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਵੋਟਰਾਂ ਦਾ ਧੰਨਵਾਦ ਕਰਨ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ ਅਤੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੂਹ ਭਵਾਨੀਗੜ੍ਹ ਵਾਸੀਆਂ ਦਾ ਧੰਨਵਾਦ ਵੀ ਕੀਤਾ।

ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਭਵਾਨੀਗੜ੍ਹ ਸ਼ਹਿਰ ਦੇ ਸਰਵਪੱਖੀ ਵਿਕਾਸ ’ਤੇ ਧਿਆਨ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਜਿਸ ਸਦਕਾ ਲੋਕਾਂ ਨੇ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਦੀ ਕਮਾਨ ਸੰਭਾਲ ਕੇ ਲੋਕਾਂ ਦੇ ਬਾਕੀ ਰਹਿੰਦੇ ਕੰਮਾਂ ਨੂੰ ਵੀ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਹੀ ਹਰ ਘਰ ਨੂੰ ਪਾਣੀ ਤੇ ਸੀਵਰੇਜ ਪਾਇਪ ਲਾਇਨ ਨਾਲ ਜੋੜਿਆ ਗਿਆ ਹੈ ਅਤੇ ਸ਼ਹਿਰ ਦੀ ਹਰ ਗਲੀ ਤੇ ਸੜਕ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਭਵਾਨੀਗੜ੍ਹ ਸ਼ਹਿਰ ਵਿੱਚ ਵੱਡੇ ਸ਼ਹਿਰਾਂ ਵਿੱਚ ਉਪਲਬਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਲਈ ਗ੍ਰਾਂਟਾਂ ਲਿਆਉਣੀਆਂ ਨਿੱਜੀ ਪੱਧਰ ’ਤੇ ਯਕੀਨੀ ਬਣਾਈਆਂ ਜਾਂਦੀਆਂ ਹਨ।

ਸਿੰਗਲਾ ਨੇ ਕਿਹਾ ਕਿ ਹੁਣ ਨਗਰ ਕੌਂਸਲ ਦੀ ਅਗਵਾਈ ਕਾਂਗਰਸ ਪਾਰਟੀ ਦੇ ਹੱਥ ਆਉਣ ਤੋਂ ਬਾਅਦ ਸ਼ਹਿਰ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਸ਼ਹਿਰ ਵਿਚ ਕਾਂਗਰਸ ਪਾਰਟੀ ਵੱਲੋਂ ਅਜਿਹਾ ਬਾਇਓਡਾਇਵਰਸਿਟੀ ਪਾਰਕ ਤਿਆਰ ਕਰਵਾਇਆ ਗਿਆ ਹੈ ਜੋ ਵੱਡੇ-ਵੱਡੇ ਸ਼ਹਿਰਾਂ ਵਿਚ ਵੀ ਉਪਲਬਧ ਨਹੀਂ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਪਾਰਕ ਜਾਂ ਹੋਰ ਬੁਨਿਆਦੀ ਸਹੂਲਤਾਂ ਹੀ ਨਹੀਂ ਸਗੋਂ ਭਵਾਨੀਗੜ੍ਹ ਸ਼ਹਿਰ ਵਾਸੀਆਂ ਨੂੰ ਲੋੜੀਂਦੀ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾਵੇਗਾ।ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪਾਰਟੀ ਅਬਜ਼ਰਬਰ ਕੁਲਵੰਤ ਰਾਏ ਸਿੰਗਲਾ, ਪਰਦੀਪ ਕੱਦ ਮਾਰਕੀਟ ਕਮੇਟੀ ਚੇਅਰਮੈਨ, ਵਰਿੰਦਰ ਪੰਨਵਾਂ ਬਲਾਕ ਸੰਮਤੀ ਚੇਅਰਮੈਨ, ਜਗਤਾਰ ਨਮਾਦਾਂ, ਮਹੇਸ਼ ਕੁਮਾਰ ਵਰਮਾ, ਰਣਜੀਤ ਸਿੰਘ ਤੂਰ, ਸੁਖਜਿੰਦਰ ਸਿੰਘ ਤੂਰ, ਸੁਖਵੀਰ ਸਿੰਘ ਸੁੱਖੀ, ਵਿਪਨ ਸ਼ਰਮਾ, ਫਕੀਰ ਚੰਦ ਸਿੰਗਲਾ, ਸੁਖਮਹਿੰਦਰਪਾਲ ਸਿੰਘ ਤੂਰ, ਸੁਰਜੀਤ ਸਿੰਘ ਮੱਟਰਾਂ, ਬਿੱਟੂ ਖਾਨ, ਜੀਤ ਸਿੰਘ, ਗਿੰਨੀ ਕੱਦ ਅਤੇ ਜਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।


Shyna

Content Editor

Related News