ਰਾਸ਼ਨ ਤੇ ਤਨਖਾਹ ਨਾ ਮਿਲਣ ਦੇ ਰੋਸ ਵੱਜੋਂ ਸੈਂਕੜੇ ਪ੍ਰਵਾਸੀ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ

05/15/2020 1:18:05 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਮੁੱਖ ਸੜਕ ਉਪਰ ਸਥਿਤ ਇਕ ਧਾਗਾ ਫੈਕਟਰੀ ਵਿਚ ਕੰਮ ਕਰਨ ਵਾਲੇ ਸ਼ਹਿਰ ਤੋਂ ਪਿੰਡ ਬਲਿਆਲ ਨੂੰ ਜਾਂਦੀ ਸੜਕ 'ਤੇ ਸਥਿਤ ਇਕ ਕਾਲੋਨੀ ਵਿਚ ਰਹਿੰਦੇ 3 ਸੈਂਕੜੇ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਵਲੋਂ ਰਾਸ਼ਨ ਅਤੇ ਓਵਰ ਟਾਇਮ ਦਾ ਮਿਹਨਤਾਨਾ ਨਾ ਮਿਲਣ ਦੇ ਰੋਸ ਵੱਜੋਂ ਅੱਜ ਕੋਲੋਨੀ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੰਪਨੀ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਰਜ਼ੇਸ ਕੁਮਾਰ, ਲਵਕੁੱਸ, ਰਾਮ ਬੱਬੂ, ਸ਼ਿਵਰਾਜ, ਮਿਥਲੇਸ਼ ਕੁਮਾਰ, ਸ਼ਿਵਪ੍ਰਕਾਸ਼, ਰਾਮਏਂਦਰ ਸਿੰਘ, ਵਿਨੇ ਕੁਮਾਰ, ਪਰਦੀਪ ਕੁਮਾਰ ਅਤੇ ਰਾਹੂਲ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਹੋਰ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਵੱਖ-ਵੱਖ ਸੂਬਿਆਂ ਤੋਂ ਆ ਕੇ ਸੰਗਰੂਰ ਭਵਾਨੀਗੜ੍ਹ ਮੁੱਖ ਸੜਕ ਉਪਰ ਪਿੰਡ ਹਰਕਿਸ਼ਨਪੁਰਾ ਵਿਖੇ ਸਥਿਤ ਇਕ ਧਾਗਾ ਫੈਕਟਰੀ ਵਿਚ ਨੌਕਰੀ ਕਰਦੇ ਹਨ। ਉਹਨਾਂ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਨ ਲਾਕਡਾਊਨ ਹੋਣ ਕਾਰਨ ਉਹਨਾਂ ਦਾ ਕੰਮ ਬੰਦ ਹੋ ਗਿਆ ਅਤੇ ਫੈਕਟਰੀ ਵਲੋਂ ਕਥਿਤ ਤੌਰ 'ਤੇ ਨਾ ਤਾਂ ਉਹਨਾਂ ਨੂੰ ਤਨਖ਼ਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਹੀ ਢੰਗ ਨਾਲ ਉਹਨਾਂ ਦੇ ਖ਼ਾਣੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਅਨੋਖਾ ਮਾਮਲਾ, ਬੱਚੇ ਜੁੜਵਾਂ ਪਰ ਪਿਤਾ ਵੱਖਰੇ

ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਫੈਕਟਰੀ ਵਲੋਂ ਉਹਨਾਂ ਨੂੰ ਦੇਣ ਲਈ ਜੋ ਪੱਕੇ ਹੋਏ ਖ਼ਾਣ ਦਾ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਨੂੰ ਸਹੀ ਢੰਗ ਨਾਲ ਖ਼ਾਣਾ ਨਹੀਂ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਉਹ ਕੋਰੋਨਾ ਦੀ ਬੀਮਾਰੀ ਨਾਲ ਤਾਂ ਨਹੀਂ ਮਰਨਗੇ ਪਰ ਰਾਸ਼ਨ ਅਤੇ ਖਾਣਾ ਨਾ ਮਿਲਣ ਕਾਰਨ ਉਹ ਭੁੱਖ ਨਾਲ ਜ਼ਰੂਰ ਮਰ ਜਾਣਗੇ। ਉਹਨਾਂ ਕਿਹਾ ਕਿ ਉਹ ਆਪਣੇ ਘਰਾਂ ਨੂੰ ਵਾਪਿਸ ਜਾਣਾ ਚਹੁੰਦੇ ਹਨ ਅਤੇ ਇਸ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ।  ਮਜ਼ਦੂਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਸਹੀ ਢੰਗ ਨਾਲ ਖ਼ਾਣਾ ਦਿੱਤਾ ਜਾਵੇ। ਉਹਨਾਂ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ ਅਤੇ ਉਹਨਾਂ ਦੇ ਘਰ ਵਾਪਿਸ ਜਾਣ ਦਾ ਪ੍ਰਬੰਧ ਕੀਤਾ ਜਾਵੇ।

Vandana

This news is Content Editor Vandana