ਸਬਜੀ ਮੰਡੀ ''ਚ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਰੋਸ ਵੱਜੋਂ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

05/14/2020 5:05:25 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿਖ ਸਥਿਤ ਸਬਜੀ ਮੰਡੀ ਵਿਚ ਅੱਜ ਸਵੇਰੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਸਥਾਨਕ ਪੁਲਿਸ ਵੱਲੋਂ ਲਾਕਡਾਊਨ ਦੀ ਪਾਲਨਾ ਕਰਵਾਉਣ ਲਈ ਸਬਜੀ ਮੰਡੀ ਵਿਚ ਕਿਸਾਨਾਂ ਵੱਲੋਂ ਰਸਤੇ ਵਿਚ ਸੜਕ ਉਪਰ ਰੱਖੀਆਂ ਸਬਜੀਆਂ ਨੂੰ ਚੁੱਕਣਾ ਸ਼ੁਰੂ ਕੀਤਾ। ਫਿਰ ਕਿਸਾਨਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਇਥੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਮੌਕੇ ਕਿਸਾਨਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਸਬਜੀ ਮੰਡੀ ਵਿਚ ਫੈਲੀ ਗੰਦਗੀ ਅਤੇ ਸਬਜੀ ਰੱਖਣ ਲਈ ਬਣਾਏ ਗਏ ਸੈਡ ਵਾਲੇ ਯਾਰਡ ਵਿਚ ਆੜਤੀਆਂ ਵੱਲੋਂ ਆਪਣੀਆਂ ਸਬਜੀਆਂ ਰੱਖੀਆਂ ਹੋਈਆਂ ਹੋਣ ਕਾਰਨ ਉਹਨਾਂ ਨੂੰ ਮਜਬੂਰਨ ਆਪਣੀਆਂ ਸਬਜੀਆਂ ਸੜਕ ਉਪਰ ਰੱਖਣੀਆਂ ਪੈਂਦੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਕੋਰੋਨਾ ਦੀ ਮਾਰ, ਫਿਰ ਮੌਸਮ ਦੀ ਮਾਰ ਅਤੇ ਹੁਣ ਪ੍ਰਸਾਸ਼ਨ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਮੰਡੀ ਵਿਚ ਹਰ ਜਗ੍ਹਾ ਗੰਦਗੀ ਦੇ ਢੇਰ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਸਬਜੀਆਂ ਸੜਕਾਂ ਉਪਰ ਹੀ ਰੱਖਣੀਆਂ ਪੈਂਦੀਆਂ ਹਨ। ਇਸ ਲਈ ਉਹਨਾਂ ਮੰਗ ਕੀਤੀ ਕਿ ਮੰਡੀ ਵਿਚ ਗੰਦਗੀ ਦਾ ਸਫਾਇਆ ਕੀਤਾ ਜਾਵੇ ਅਤੇ ਸਬਜੀਆਂ ਰੱਖਣ ਲਈ ਹੋਰ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। 

ਇਸ ਮੌਕੇ ਮੌਜੂਦ ਸਬਜੀ ਮੰਡੀ ਆੜਤੀਆਂ ਐਸੋ. ਦੇ ਪ੍ਰਧਾਨ ਦੇਵ ਰਾਜ ਸ਼ਰਮਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਕੋਰੋਨਾ ਦੀ ਮਹਾਮਾਰੀ ਕਾਰਨ ਹੋਏ ਲਾਕਡਾਊਨ ਦੇ ਚਲਦਿਆਂ ਮੰਡੀਆਂ ਵਿਚ ਭੀੜ ਘੱਟ ਕਰਨ ਲਈ ਲਏ ਗਏ ਗਲਤ ਫੈਸਲੇ ਇਕ ਦਿਨ ਛੱਡ ਕੇ ਇਕ ਦਿਨ ਲਈ ਵੱਖ-ਵੱਖ ਸ਼ਹਿਰਾਂ ਵਿਚ ਸਬਜੀ ਮੰਡੀਆਂ ਨੂੰ ਬੰਦ ਕੀਤੇ ਜਾਣ ਕਾਰਨ ਉਹਨਾਂ ਸ਼ਹਿਰਾਂ ਦੇ ਸਬਜੀ ਉਤਪਾਦਕ ਕਿਸਾਨ ਆਪਣੀਆਂ ਸਬਜੀਆਂ ਲੈ ਕੇ ਇਸ ਮੰਡੀ ਵਿਚ ਪਹੁੰਚ ਜਾਂਦੇ ਹਨ। ਜਿਸ ਕਾਰਨ ਇਥੇ ਮੰਡੀ ਵਿਚ ਭੀੜ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਬਾਹਰਲੇ ਸ਼ਹਿਰਾਂ ਵਿਚੋਂ ਇਥੇ ਸਬਜੀ ਲੈ ਕੇ ਆਉਣ ਵਾਲੇ ਕਿਸਾਨਾਂ ਨਾਲ ਇਥੇ ਕੋਰੋਨਾ ਦੀ ਮਹਾਮਾਰੀ ਫੈਲਣ ਦਾ ਖਤਰਾ ਵੀ ਬਣ ਸਕਦਾ ਹੈ। ਇਸ ਲਈ ਸਰਕਾਰ ਅਤੇ ਪ੍ਰਸਾਸ਼ਨ ਨੂੰ ਬਾਹਰਲੇ ਸ਼ਹਿਰਾਂ ਤੋਂ ਸਬਜੀਆਂ ਵੇਚਣ ਲਈ ਆਉਣ ਵਾਲੇ ਵਿਅਕਤੀਆਂ ਉਪਰ ਰੋਕ ਲਗਾਉਣੀ ਚਾਹੀਦੀ ਹੈ ਅਤੇ ਇਕ ਦਿਨ ਛੱਡ ਕੇ ਇਕ ਦਿਨ ਮੰਡੀ ਬੰਦ ਕਰਨ ਦੇ ਫੈਸਲੇ ਨੂੰ ਵਾਪਿਸ ਲੈਣਾ ਚਾਹੀਦਾ ਹੈ।

Vandana

This news is Content Editor Vandana