ਬੀ.ਕੇ.ਯੂ. ਏਕਤਾ ਡਕੌਂਦਾ ਨੇ ਸਾੜੇ ਪੰਜਾਬ ਸਰਕਾਰ ਦੇ ਪੁਤਲੇ, ਪਾਵਰਕਾਮ ਵਿਰੁੱਧ ਕੀਤੀ ਨਾਅਰੇਬਾਜ਼ੀ

05/31/2020 11:27:41 AM

ਭਵਾਨੀਗੜ੍ਹ (ਕਾਂਸਲ): ਪੰਜਾਬ ਸਰਕਾਰ ਵੱਲੋਂ ਖੇਤੀ ਸੈਕਟਰ ਵਾਲੇ ਟਿਊਬਵਲ ਕੁਨੈਕਸ਼ਨਾਂ ਦੇ ਬਿਜਲੀ ਦੇ ਬਿੱਲ ਲਾਗੂ ਕਰਨ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਰੋਸ ਵੱਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਸਥਾਨਕ ਪਾਵਰਕਾਮ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਸੜਕ ਉਪਰ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪਾਵਰਕਾਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਵਿਚ ਬੀ.ਕੇ.ਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਮਾਸਟਰ ਜਰਨੈਲ ਸਿੰਘ, ਰਣਧੀਰ ਸਿੰਘ ਭੱਟੀਵਾਲ, ਅੱਛਰਾ ਸਿੰਘ, ਸਤਿਨਾਮ ਸਿੰਘ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿਚ ਖੇਤੀ ਸੈਕਟਰ ਵਾਲੇ ਟਿਊਵਬਲ ਕੂਨੇਕਸ਼ਨਾਂ ਦੇ ਮਾਫ ਬਿਜਲੀ ਬਿੱਲਾਂ ਨੂੰ ਮੁੜ ਲਾਗੂ ਕਰਨ ਸੰਬੰਧੀ ਮਤਾ ਪਾਸ ਕਰਕੇ ਕਿਸਾਨਾਂ ਸਿਰ ਹੋਰ ਬੌਝ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਖੇਤੀ ਪਹਿਲਾਂ ਤੋਂ ਹੀ ਘਾਟੇ ਦਾ ਸੌਦਾ ਬਣੀ ਹੋਣ ਕਾਰਨ ਕਿਸਾਨਾਂ ਦੇ ਸਿਰ ਗੋਡੇ-ਗੋਡੇ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਕਰਜ਼ੇ ਦੇ ਭਾਰ ਕਾਰਨ ਦੁਖੀ ਹੋਏ ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ 'ਚ 5 ਮਹੀਨੇ ਦੀ ਬੱਚੀ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ 

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਇਹ ਦਿਖਾਵਾ ਅਤੇ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਪਾਵਰਕਾਮ ਵੱਲੋਂ ਕਿਸਾਨਾਂ ਤੋਂ ਜੋ ਵੀ ਬਿਜਲੀ ਦਾ ਬਿੱਲ ਭਰਵਾਇਆ ਜਾਵੇਗਾ ਉਸ ਨੂੰ ਸਰਕਾਰ ਸਬਸੀਡੀ ਦੇ ਰੂਪ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਵਾਪਿਸ ਕਰ ਦੇਵੇਗੀ। ਕਿਸਾਨ ਸਰਕਾਰ ਦੇ ਇਸ ਝਾਂਸੇ ਵਿਚ ਨਹੀਂ ਆਉਣ ਵਾਲੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੂੰਹ ਜੁਬਾਨੀ ਦਿੱਤਾ ਗਿਆ ਬਿਆਨ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਵਾਲੇ ਬਿਜਲੀ ਬਿੱਲਾਂ ਨੂੰ ਲਾਗੂ ਨਹੀਂ ਕੀਤਾ ਜਾਵੇਗਾ ਦਾ ਕੋਈ ਅਧਾਰ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਆਪਣੀ ਕੈਬਨਿਟ ਵਿਚ ਬਿਜਲੀ ਬਿੱਲ ਲਾਗੂ ਕਰਨ ਵਾਲੇ ਪਾਸ ਕੀਤੇ ਮਤੇ ਨੂੰ ਕੈਬਨਿਟ ਵਿਚ ਹੀ ਰੱਦ ਕਰਕੇ ਇਸ ਦਾ ਨੋਟਿਫਿਕੇਸ਼ਨ ਜਾਰੀ ਕਰਕੇ ਜਨਤਕ ਕਰੇ। ਉਹਨਾਂ ਚੇਤਾਵਨੀ ਦਿੱਤੀ ਕਿ ਕਿਸਾਨ ਕਿਸੇ ਵੀ ਹਾਲਤ ਵਿਚ ਇਹ ਬਿਜਲੀ ਦੇ ਬਿੱਲ ਲਾਗੂ ਨਹੀਂ ਹੋਣ ਦੇਣਗੇ ਅਤੇ ਨਾ ਹੀ ਕਿਸਾਨ ਬਿਜਲੀ ਦੀ ਬਿੱਲ ਭਰਨਗੇ। ਜੇਕਰ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਤੁਰੰਤ ਵਾਪਿਸ ਨਾ ਲਿਆ ਤਾਂ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਲਾਕੇ ਦੇ ਕਈ ਹੋਰ ਪਿੰਡਾਂ ਵਿਚ ਵੀ ਕਿਸਾਨਾਂ ਵੱਲੋਂ ਬਿਜਲੀ ਬਿੱਲਾਂ ਨੂੰ ਲਾਗੂ ਕਰਨ ਦੀਆਂ ਸਰਕਾਰ ਦੀਆਂ ਤਿਆਰੀਆਂ ਦੇ ਰੋਸ ਵੱਜੋਂ ਪੁਤਲੇ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ।


Vandana

Content Editor

Related News