ਪੀਡ਼ਤ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਭਾਕਿਯੂ ਨੇ ਘੇਰਿਆ ਥਾਣਾ

11/27/2018 6:50:33 AM

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)- ਬੀਤੇ ਦਿਨੀਂ ਆਡ਼੍ਹਤੀਏ ਵੱਲੋਂ ਕਿਸਾਨ ਦੀ ਨਰਮੇ ਸਮੇਤ ਟਰੈਕਟਰ-ਟਰਾਲੀ ਖੋਹਣ ਦੇ ਮਾਮਲੇ ਵਿਚ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰ ਕੇ ਰੋਸ ਵਿਚ ਆਏ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਦੇ  ਬਲਾਕ ਮੁਕਤਸਰ ਦੇ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ ਦੀ ਅਗਵਾਈ ਹੇਠ ਥਾਣਾ ਸਿਟੀ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ  ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। 
ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ। ਪੁਲਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ, ਜਿਸ ਦੀ ਉਦਾਹਰਨ ਫਾਜ਼ਿਲਕਾ ਦੇ ਵਿਧਾਇਕ ਤੋਂ ਮਿਲਦੀ ਹੈ। ਇਸੇ ਤਰ੍ਹਾਂ ਦੀ ਸਥਿਤੀ ਸ੍ਰੀ  ਮੁਕਤਸਰ ਸਾਹਿਬ ਵਿਖੇ ਬਣੀ ਹੋਈ ਹੈ। ਪੁਲਸ ਨੂੰ ਕਾਨੂੰਨ ਮੁਤਾਬਕ ਕੰਮ ਨਹੀਂ ਦਿੱਤਾ ਜਾ ਰਿਹਾ, ਜਿਸ ਵਿਚ ਸਿਆਸੀ ਸ਼ਹਿ ਪ੍ਰਾਪਤ ਆਡ਼੍ਹਤੀਏ ਅੰਗਰੇਜ ਸਿੰਘ, ਦੁਕਾਨ ਨੰ. 87 ਨਵੀਂ ਦਾਣਾ ਮੰਡੀ ਨੇ ਪੈਸੇ ਦੇ ਲੈਣ-ਦੇਣ ਕਰ ਕੇ ਪਿੰਡ ਭਾਗਸਰ ਦੇ ਗਰੀਬ ਕਿਸਾਨ ਦੀ ਟਰੈਕਟਰ-ਟਰਾਲੀ, ਜੋ ਕਿਰਾਏ ’ਤੇ ਸੀ, 70-75 ਨਰਮੇ ਸਮੇਤ ਖੋਹ ਕੇ ਲੈ ਗਿਆ ਸੀ ਅਤੇ ਇਸ ਖਿਲਾਫ਼ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਕਾਰਨ ਮਜਬੂਰ ਹੋ ਕੇ ਅੱਜ ਕਿਸਾਨਾਂ ਨੂੰ  ਧਰਨਾ ਦੇਣਾ ਪਿਆ। 
ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ਼ ਤੁਰੰਤ ਬਣਦੀ ਕਾਰਵਾਈ  ਕੀਤੀ ਜਾਵੇ, ਕਿਰਾਏਦਾਰ ਦਿਲਬਾਗ ਸਿੰਘ ਭਾਗਸਰ ਦਾ ਟਰੈਕਟਰ-ਟਰਾਲੀ ਦਾ ਰੋਜ਼ਾਨਾ 2 ਹਜ਼ਾਰ ਰੁਪਏ ਕਿਰਾਏ ਭਰਿਆ ਜਾਵੇ ਅਤੇ ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਸਾਰਾ ਕਰਜ਼ਾ ਸਮੇਤ ਆਡ਼੍ਹਤੀਆਂ, ਬੈਂਕਾਂ, ਸੂਦਖੋਰ, ਜੋ 95 ਹਜ਼ਾਰ ਰੁਪਏ ਹੈ, ਤੁਰੰਤ ਖਤਮ ਕੀਤਾ ਜਾਵੇ। 
ਇਸ ਸਮੇਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਜਲੰਧਰ ਸਿੰਘ ਭਾਗਸਰ, ਵਿੱਤ ਸਕੱਤਰ ਗੁਰਾਂਦਿੱਤਾ ਸਿੰਘ ਭਾਗਸਰ, ਹਰਫੂਲ ਸਿੰਘ, ਜਗਦੇਵ ਸਿੰਘ ਭਾਗਸਰ, ਸੁਖਰਾਜ ਸਿੰਘ, ਹਰਵਿੰਦਰ ਸਿੰਘ, ਸੋਹਣ  ਸਿੰਘ, ਗੁਰਪਾਸ਼ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ। 
ਇਸ ਦੌਰਾਨ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਤਲਵਿੰਦਰ ਸਿੰਘ ਨੇ ਕਿਸਾਨ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ-ਪਡ਼ਤਾਲ ਕਰਨ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ’ਤੇ ਕਿਸਾਨ ਯੂਨੀਅਨ ਨੇ ਆਪਣਾ ਧਰਨਾ ਸਮਾਪਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਬੰਧਤ ਆਡ਼੍ਹਤੀਏ ਖਿਲਾਫ਼ ਜਲਦ ਹੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
 


Related News