ਭਾਕਿਯੂ (ਏਕਤਾ ਉਗਰਾਹਾਂ) ਨੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਤਹਿਸੀਲ ਦਫ਼ਤਰ ਸ਼ੇਰਪੁਰ ਅੱਗੇ ਦਿੱਤਾ ਧਰਨਾ

02/08/2022 7:14:45 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ੇਰਪੁਰ ਵੱਲੋਂ ਅੱਜ ਵੱਖ-ਵੱਖ ਪਿੰਡਾਂ ’ਚ ਇਕੱਠ ਕਰਕੇ ਸਬ-ਤਹਿਸੀਲ ਦਫ਼ਤਰ ਸ਼ੇਰਪੁਰ ਅੱਗੇ ਧਰਨਾ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਸਕੂਲ ਸਾਰੀਆਂ ਕਲਾਸਾਂ ਲਈ ਜਲਦੀ ਤੋਂ ਜਲਦੀ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਦਾ ਭਵਿੱਖ ਖ਼ਰਾਬ ਨਾ ਹੋਵੇ। ਇਸ ਧਰਨੇ ਦੌਰਾਨ ਵੱਡੀ ਗਿਣਤੀ ਲੋਕਾਂ ਦੇ ਹੱਥਾਂ ’ਚ ਹੱਥ ਤਖ਼ਤੀਆਂ ਤੇ ਸਕੂਲ ਖੋਲ੍ਹਣ ਸੰਬੰਧੀ ਸਲੋਗਨ ਲਿਖੇ ਹੋਏ ਸਨ । ਵੱਖ-ਵੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਕਿਸੇ ਵਿਗਿਆਨਿਕ ਆਧਾਰ ਤੋਂ ਬਿਨਾਂ ਹੀ ਕੋਰੋਨਾ ਦੀ ਆੜ ਹੇਠ ਸਕੂਲ-ਕਾਲਜ ਬੰਦ ਕਰਕੇ ਆਮ ਕਿਸਾਨ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਬੱਚਿਆਂ ਦਾ ਆਪਣੇ ਅਧਿਆਪਕਾਂ ਰਾਹੀਂ ਸਰਬ ਸਿੱਖਿਆ ਅਭਿਆਨ ਗ੍ਰਹਿਣ ਕਰਨ ਦਾ ਹੱਕ ਖੋਹਿਆ ਹੈ । ਆਨਲਾਈਨ ਸਿੱਖਿਆ ਦਾ ਫ਼ੈਸਲਾ ਲਾਗੂ ਕਰਕੇ ਮੋਬਾਇਲ ਫੋਨਾਂ ’ਤੇ ਡਾਟਾ ਕੰਪਨੀਆਂ ਦੇ ਵਾਰੇ ਨਿਆਰੇ ਕੀਤੇ ਹਨ। ਇਨ੍ਹਾਂ ਦੇ ਖਰਚੇ ਝੱਲਣੋਂ ਅਸਮਰੱਥ ਗ਼ਰੀਬ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਇਸ ਅਧੂਰੀ ਸਿੱਖਿਆ ਤੋਂ ਵਾਂਝੇ ਰਹਿ ਗਏ ਹਨ।

ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਤੇ ਵੱਡੇ ਮਾਲ ਖੁੱਲ੍ਹੇ ਹਨ ਤੇ ਵੱਡੀਆਂ ਚੋਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਸਕੂਲ ਤੇ ਕਾਲਜ ਬੰਦ ਕੀਤੇ ਗਏ ਹਨ । ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਇਹ ਧਰਨਾ ਸਬ-ਤਹਿਸੀਲ ਸ਼ੇਰਪੁਰ ’ਚ ਲਗਾਇਆ ਗਿਆ ਸੀ ਪਰ ਉਥੇ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਕਿਸਾਨਾਂ ਤੋਂ ਮੰਗ-ਪੱਤਰ ਨਹੀਂ ਫੜਿਆ ਗਿਆ, ਜਿਸ ਤੋਂ ਅੱਕੇ ਕਿਸਾਨਾਂ ਨੇ ਇਹ ਧਰਨਾ ਕਾਤਰੋਂ ਚੌਕ ’ਚ ਤਬਦੀਲ ਕਰ ਕਰਕੇ ਰੋਡ ਜਾਮ ਕਰ ਦਿੱਤਾ। ਕਿਸਾਨ ਆਗੂਆਂ ਵੱਲੋਂ ਇਥੇ ਜੰਮ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੁਝ ਸਮੇਂ ਬਾਅਦ ਹੀ ਤਹਿਸੀਲ ਦਫ਼ਤਰ ਸ਼ੇਰਪੁਰ ਤੋਂ ਪੁੱਜੇ ਮੁਲਾਜ਼ਮਾਂ ਵੱਲੋਂ ਕਿਸਾਨ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ। ਇਸ ਮੌਕੇ ਹਰਜੀਤ ਸਿੰਘ, ਗੁਰਮੇਲ ਸਿੰਘ ਟਿੱਬਾ, ਮਹਿੰਦਰ ਸਿੰਘ ਖੇੜੀ ਕਲਾਂ, ਈਸ਼ਰਪਾਲ ਸਿੰਘ ਪੰਜਗਰਾਈਆਂ, ਗੁਰਦੇਵ ਸਿੰਘ ਬੜੀ, ਹਰਦਿਆਲ ਸਿੰਘ ਬਾਜਵਾ, ਮਲਕੀਤ ਸਿੰਘ ਹੇੜੀਕੇ, ਬਲਵਿੰਦਰ ਸਿੰਘ ਕਾਲਾਬੂਲਾ, ਮੇਵਾ ਸਿੰਘ ਠੁੱਲੀਵਾਲ, ਨਿਰਮਲ ਸਿੰਘ ਗੰਡੇਵਾਲ ਤੇ ਹਰਜਿੰਦਰ ਸਿੰਘ ਬੜੀ ਹਾਜ਼ਰ ਸਨ।

Manoj

This news is Content Editor Manoj