ਨਹਿਰ ''ਚ ਪਏ ਪਾੜ ਨੂੰ ਪੂਰੇ ਜਾਣ ਕਾਰਣ ਪਿੰਡ ਵਾਸੀਆਂ ਲਿਆ ਸੁੱਖ ਦਾ ਸਾਹ

10/15/2019 1:13:29 PM

ਫਤਿਹਗੜ੍ਹ ਸਾਹਿਬ (ਜਗਦੇਵ)—ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਹਿਜਾਦਪੁਰ ਨਹਿਰ ਦੇ ਪੁਲ 'ਤੇ ਸਰਹਿੰਦ ਭਾਖੜਾ ਨਹਿਰ ਵਿਚ ਪਾੜ ਪੈ ਜਾਣ ਕਾਰਣ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਨਹਿਰੀ ਵਿਭਾਗ ਵਲੋਂ ਪਾੜ ਵਾਲੇ ਸਥਾਨਾਂ ਨੂੰ ਭਰਨ 'ਤੇ ਸੁੱਖ ਦਾ ਸਾਹ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਹਿਜਾਦਪੁਰ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੀ ਰਾਤ ਜੋ ਪਹਿਲਾਂ ਦਿਨ ਭਰ 'ਚ ਪਿੰਡ ਦੇ ਲੋਕਾਂ ਅਤੇ ਨੌਜਵਾਨਾਂ ਨੇ ਮਿੱਟੀ ਦੇ ਥੈਲੇ ਭਰ ਕੇ ਪਾੜ ਵਾਲੇ ਸਥਾਨਾਂ 'ਤੇ ਰੱਖ ਕੇ ਨਹਿਰ ਵਿਚ ਪਾੜ ਵਾਲੇ ਸਥਾਨ ਨੂੰ ਆਰਜ਼ੀ ਤੌਰ 'ਤੇ ਭਰਿਆ ਸੀ, ਉਹ ਰਾਤ ਤੱਕ ਨਹਿਰ ਦੇ ਤੇਜ਼ ਵਹਾਅ ਪਾਣੀ ਕਾਰਣ ਮਿੱਟੀ ਖੁਰ ਗਈ। ਜਿਸ ਕਾਰਣ ਫਿਰ ਲੋਕਾਂ 'ਚ ਸਹਿਮ ਪਾਇਆ ਗਿਆ ਅਤੇ ਨੇੜਲੇ ਪਿੰਡਾਂ ਵਿਚ ਰਾਤ ਸਮੇਂ ਖ਼ਤਰੇ ਨੂੰ ਦੇਖਦਿਆਂ ਨੇੜਲੇ ਪਿੰਡਾਂ ਹਰਲਾਲਪੁਰ, ਖਾਨਪੁਰ, ਸਹਿਜਾਦਪੁਰ, ਜੰਡਾਲੀ ਤੇ ਡੇਰਾ ਮੀਰ ਮੀਰਾਂ ਆਦਿ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਅਨਾਊਂਸਮੈਂਟ ਕਰਵਾਈ ਗਈ, ਜਿਸ 'ਤੇ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਪਿੰਡ ਨਿਵਾਸੀ ਨਹਿਰ ਦੇ ਪੁਲ 'ਤੇ ਪਹੁੰਚੇ ਅਤੇ ਖੁਦ ਲੋਕ ਬੋਰੇ, ਮਿੱਟੀ ਅਤੇ ਜੇ. ਸੀ. ਬੀ. ਮਸ਼ੀਨਾਂ ਨਾਲ ਆਪਣੇ ਪੱਧਰ 'ਤੇ ਨਹਿਰ ਵਿਚ ਪਏ ਇਸ ਪਾੜ ਨੂੰ ਪੂਰਨ ਲੱਗ ਗਏ।

PunjabKesari

ਇੰਨੇ ਵਿਚ ਰਾਤ ਸਮੇਂ ਹੀ ਮੌਕੇ 'ਤੇ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਗੁਰਜਿੰਦਰ ਸਿੰਘ ਪਹੁੰਚ ਗਏ, ਜਿਨ੍ਹਾਂ ਨੇ ਨਹਿਰੀ ਵਿਭਾਗ ਨਾਲ ਸਬੰਧਿਤ ਮੁਲਾਜ਼ਮਾਂ ਨੂੰ ਸੂਚਿਤ ਕਰਵਾਇਆ ਅਤੇ ਦੇਰ ਰਾਤ ਤੋਂ ਹੀ ਨਹਿਰ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਸਬੰਧੀ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਵਿਚੋਂ ਚੀਫ ਇੰਜੀਨੀਅਰ ਜਗਮੋਹਨ ਸਿੰਘ ਮਾਨ, ਐਕਸੀਅਨ ਚੰਦਰਮੋਹਨ ਸਰਮਾ, ਐੱਸ. ਡੀ. ਓ. ਭਾਖੜਾ ਮੇਨ ਲਾਈਨ ਗੁਰਸ਼ਰਨ ਸਿੰਘ ਨੇ ਨਹਿਰ ਵਿਚ ਪਾੜ ਵਾਲੇ ਸਥਾਨਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਬੀਤੀ ਸਾਰੀ ਰਾਤ ਅਤੇ ਅੱਜ ਸਾਰਾ ਦਿਨ ਨਹਿਰ ਵਿਚ ਪਏ ਪਾੜ ਨੂੰ ਪੂਰਨ ਦਾ ਨਹਿਰੀ ਵਿਭਾਗ ਵਲੋਂ ਕੀਤਾ ਗਿਆ ਅਤੇ ਮੇਨ ਕੰਮ ਨੇਪਰੇ ਚਾੜ੍ਹ ਲਿਆ ਗਿਆ ਅਤੇ ਬਾਕੀ ਰਹਿੰਦਾ ਪੂਰਾ ਕੰਮ ਇਕ-ਦੋ ਦਿਨ ਵਿਚ ਪੂਰਾ ਮੁਕੰਮਲ ਕਰ ਲਿਆ ਜਾਵੇਗਾ ਅਤੇ ਹੁਣ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਹੈ।ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਨਹਿਰ ਵਿਚ ਪਏ ਪਾੜ ਦੀ ਜਾਣਕਾਰੀ ਪਹਿਲਾਂ ਕਈ ਵਾਰ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ ਜਾ

ਚੁੱਕੀ ਹੈ ਪਰੰਤੂ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਅਤੇ ਨਾ ਹੀ ਨਹਿਰ ਵਿਚ ਸਮੇਂ-ਸਮੇਂ 'ਤੇ ਸਫਾਈ ਕੀਤੀ ਜਾਂਦੀ ਹੈ, ਜਿਸ ਨਾਲ ਨਹਿਰ ਵਿਚ ਪਾੜ ਪੈਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਸਰਹਿੰਦ-ਭਾਖੜਾ ਨਹਿਰ ਦੀ ਸਫਾਈ ਨਾ ਹੋਣ ਕਾਰਣ ਅਤੇ ਨਹਿਰਾਂ ਵਿਚ ਵਾਧੂ ਪਾਣੀ ਆਉਣ ਦਾ ਲੋਕਾਂ ਵਿਚ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਨਹਿਰੀ ਵਿਭਾਗ ਦੀ ਸੁਸਤ ਚਾਲ ਕਾਰਣ ਅਤੇ ਸਮੇਂ-ਸਮੇਂ 'ਤੇ ਨਹਿਰਾਂ ਦੇ ਕਿਨਾਰਿਆਂ ਦੀ ਸਫਾਈ ਨਾ ਕਰਨ ਕਾਰਣ ਨਹਿਰ ਦੇ ਕਿਨਾਰਿਆਂ 'ਤੇ ਪੌਦੇ ਉੱਗ ਜਾਂਦੇ ਹਨ, ਜੋ ਕਿ ਵੱਡੇ-ਵੱਡੇ ਦਰੱਖਤਾਂ ਦਾ ਰੂਪ ਧਾਰਨ ਕਰੀ ਬੈਠੇ ਹਨ ਤੇ ਉਸੇ ਸਥਾਨ ਤੋਂ ਪਾਣੀ ਦੇ ਤੇਜ਼ ਵਹਾਅ ਨਾਲ ਮਿੱਟੀ ਖੁਰਨ ਨਾਲ ਦਰਾਰਾਂ ਪੈ-ਪੈ ਕੇ ਵੱਡੇ-ਵੱਡੇ ਪਾੜ ਪੈ ਰਹੇ ਹਨ, ਜੋ ਕਿ ਕਿਤੇ ਵੀ ਸਥਾਨ 'ਤੇ ਵੱਡਾ ਖ਼ਤਰਾ ਪੈਦਾ ਕਰ ਸਕਦੇ ਹਨ।


Shyna

Content Editor

Related News