ਭਾਈ ਦਾਦੂਵਾਲ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਭੋਮਾ,ਜੰਮੂ

10/20/2019 3:06:13 PM

ਫਤਿਹਗੜ੍ਹ ਸਾਹਿਬ (ਜਗਦੇਵ)— ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਬਲਵਿੰਦਰ ਸਿੰਘ ਖੋਜਕੀਪੁਰ ਤੇ ਕੁਲਦੀਪ ਸਿੰਘ ਮਜੀਠੀਆ ਪ੍ਰਧਾਨ ਨੇ ਕਿਹਾ ਕਿ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਕਿਸਤਾਨ ਤੋਂ ਆਏ ਨਗਰ ਕੀਰਤਨ ਦੇ ਪੁਲਸ ਵਲੋਂ ਬੀਤੇ ਦਿਨ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਦਰਸ਼ਨ ਨਾ ਕਰਨ ਦੇਣੇ ਅਤੇ ਫਿਰਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣਾ ਬਿਲਕੁਲ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ।ਉਨ੍ਹਾਂ ਕਿਹਾ ਕਿ ਇਸ ਗ੍ਰਿਫਤਾਰੀ ਨਾਲ ਕਾਂਗਰਸ ਸਰਕਾਰ ਤੇ ਬਾਦਲਾਂ ਦੀ ਪੱਕੀ ਯਾਰੀ 'ਤੇ ਇਕ ਹੋਰ ਪੁਖਤਾ ਮੋਹਰ ਲੱਗ ਗਈ ਹੈ।

ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਬਾਦਲਾਂ ਨੇ ਇਕ ਪਾਸੇ ਆਰ. ਐੱਸ. ਐੱਸ. ਅੱਗੇ ਗੋਡੇ ਟੇਕੇ ਹੋਏ ਹਨ ਤੇ ਦੂਜੇ ਪਾਸੇ ਕਾਂਗਰਸ ਨਾਲ ਲੰਬੀ ਯਾਰੀ ਨਿਭਾਅ ਕੇ ਆਪਣੀ ਜ਼ਮੀਰ ਦੇ ਮਰ ਜਾਣ ਦਾ ਸਬੂਤ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲ ਨਾਲ ਯਾਰੀ ਪੁਗਾਉਣ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੋਂ ਵੀ ਬਾਦਲਾਂ ਦੇ ਪੰਥਕ ਵਿਰੋਧੀਆਂ ਨੂੰ ਰੋਕਣ ਲੱਗ ਪਏ ਹਨ। ਇਸ ਤੋਂ ਵੱਧ ਗੁਰੂ ਨਾਨਕ ਮਹਾਰਾਜ ਦੀਆਂ ਸਿੱਖਿਆਵਾਂ ਦੀ ਇਨ੍ਹਾਂ ਰਾਜ ਸੱਤਾ 'ਤੇ ਕਾਬਜ਼ ਸਿੱਖਾਂ ਵੱਲੋਂ ਨਿਰਾਦਰੀ ਹੋਰ ਕੀ ਹੋ ਸਕਦੀ ਹੈ? ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਜੀਤ ਸਿੰਘ ਨੂੰ ਤੁਰੰਤ ਰਿਹਾਅ ਕਰ ਕੇ ਉਨ੍ਹਾਂ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਪੂਰਾ ਕਰਨ ਦੀਆਂ ਆਗਿਆ ਦਿੱਤੀ ਜਾਣੀ ਚਾਹੀਦੀ ਹੈ।


Shyna

Content Editor

Related News