ਭਗਵੰਤ ਮਾਨ ਦੇ ਕੈਪਟਨ ''ਤੇ ਤੰਜ, ਧਰਮ ਦੇ ਮੁੱਦੇ ''ਤੇ ਨਾ ਕਰਨ ਸਿਆਸਤ

03/07/2019 4:13:39 PM

ਚੰਡੀਗੜ੍ਹ (ਕਰਨ)— ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਾਂਗਰਸ 'ਤੇ ਤਿੱਖਾ ਵਿਅੰਗ ਕਸਦਿਆਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਧਰਮ ਦੇ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ 'ਚ ਸਿੱਖ ਵਿਰੋਧੀ ਕਤਲੇਆਮ ਕਰਵਾਇਆ ਸੀ, ਜਿਸ ਕਾਰਨ ਕਾਂਗਰਸ ਨੂੰ ਧਰਮ ਦੇ ਮਾਮਲਿਆਂ 'ਤੇ ਬੋਲਣ ਦਾ ਕੋਈ ਹੱਕ ਨਹੀਂ। 
ਮੋਗਾ ਰੈਲੀ 'ਚ ਕਾਂਗਰਸ ਵੱਲੋਂ ਬਹਿਬਲ ਕਲਾਂ ਮਾਮਲੇ 'ਤੇ ਬਾਦਲਾਂ ਨੂੰ ਅੰਦਰ ਦੇਣ ਦੇ ਪ੍ਰਤੀਕਰਮ ਵਜੋਂ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਧਰਮ ਦੇ ਮਾਮਲਿਆਂ 'ਚ ਦਖਲ ਨਾ ਦੇਵੇਂ ਤਾਂ ਹੀ ਚੰਗਾ ਹੈ। ਰੈਲੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਨੂੰ ਕਰਜ਼ ਮੁਆਫੀ ਨੂੰ ਲੈ ਕੇ ਕਿਸਾਨਾਂ ਦੀ ਯਾਦ ਆਉਂਦੀ ਹੈ। 
ਭਗਵੰਤ ਮਾਨ ਨੇ ਦੱਸਿਆ ਕਿ ਲੋਕ ਸਭਾ ਦੇ ਉਮੀਦਵਾਰਾਂ ਦੇ ਨਾਵਾਂ 'ਤੇ ਅੱਜ ਚਰਚਾ ਕੀਤੀ ਗਈ ਅਤੇ ਜਲਦੀ ਹੀ ਉਮੀਦਵਾਰਾਂ ਦਾ ਨਾਮ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਅਕਾਲੀ ਦਲ ਟਕਸਾਲੀ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਸਿਰੇ ਚੜ੍ਹ ਜਾਣਾ ਹੈ ਅਤੇ ਬਹੁਜਨ ਸਮਾਜ ਪਾਰਟੀ ਨਾਲ ਵੀ ਸਮਝੌਤੇ ਦੀ ਗੱਲ ਚੱਲ ਰਹੀ ਹੈ। ਰਾਫੇਲ ਡੀਲ ਨਾਲ ਸਬੰਧਤ ਕਾਗਜ਼ਾਤ ਗੁੰਮ ਹੋ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਤਾਂ ਖੁਦ ਹੀ ਚੋਰਾਂ ਵਾਲੇ ਕੰਮ ਕਰਦੀ ਹੈ। 

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖਹਿਰਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਪਹਿਲਾਂ ਆਪਣੀ ਪਾਰਟੀ ਦੇ ਪ੍ਰਧਾਨ ਤਾਂ ਬਣ ਜਾਣ ਫਿਰ ਆਪਾਂ ਗੱਲ ਕਰਾਂਗੇ।  ਉਨ੍ਹਾਂ ਨੇ ਕਿਹਾ ਕਿ ਪਹਿਲਾਂ ਖਹਿਰਾ ਆਪਣੀ ਵਿਧਾਇਕੀ ਨੂੰ ਬਚਾਉਣ ਲਈ ਸਪੀਕਰ ਸਾਬ੍ਹ ਦੀ ਲੇਟਰ ਨੂੰ ਟਾਲਦੇ ਰਹੇ ਹਨ। ਭਗਵੰਤ ਮਾਨ ਨੇ ਇਸ ਦੇ ਨਾਲ ਹੀ ਸੁਖਪਾਲ ਖਹਿਰਾ ਅਤੇ ਕਵੰਰ ਸੰਧੂ ਨੂੰ ਵਾਪਸ ਪਾਰਟੀ 'ਚ ਆਉਣ ਦੀ ਅਪੀਲ ਕੀਤੀ। ਉਥੇ ਹੀ ਬਲਜਿੰਦਰ ਕੌਰ ਵੱਲੋਂ ਕੈਪਟਨ ਨੂੰ ਵਿਆਹ 'ਚ ਸੱਦਣ ਅਤੇ ਸ਼ਗਨ ਲੈਣ ਦੇ ਮੁੱਦੇ 'ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਆਹ ਦਾ ਕਾਰਡ ਦੇ ਕੇ ਕਿਸ ਨੂੰ ਸੱਦਣਾ ਹੈ ਜਾਂ ਕਿਸ ਤੋਂ ਸ਼ਗਨ ਲੈਣਾ ਹੈ, ਇਹ ਤਾਂ ਉਨ੍ਹਾਂ ਦਾ ਨਿਜੀ ਮਾਮਲਾ ਹੈ।

shivani attri

This news is Content Editor shivani attri