''ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੇ ਕੀਤਾ ਕੈਪਟਨ-ਬਾਦਲ ਦੀ ਮਿਲੀਭੁਗਤ ਦਾ ਪਰਦਾਫਾਸ਼''

04/23/2019 1:48:30 AM

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਿਆਂ ਲਈ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੇ 'ਕੈਪਟਨ-ਬਾਦਲ' ਮਿਲੀਭੁਗਤ ਦਾ ਦੁਬਾਰਾ ਫਿਰ ਪਰਦਾਫਾਸ਼ ਕਰ ਦਿੱਤਾ ਹੈ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਾਰੀ ਬੰਨ੍ਹ ਕੇ ਸੱਤਾ ਸੁੱਖ ਮਾਣਨ ਵਾਲੇ ਆਪਣੇ ਨਾਪਾਕ ਏਜੰਡੇ 'ਤੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨਾਲ ਆਪਣੀ ਯਾਰੀ ਪੁਗਾ ਦਿੱਤੀ ਹੈ। ਭਗਵੰਤ ਮਾਨ ਮੁਤਾਬਕ ਫਿਰੋਜ਼ਪੁਰ, ਬਠਿੰਡਾ ਤੇ ਪਟਿਆਲਾ 'ਚ ਇਕ ਦੂਸਰੇ ਦਾ ਸਹਾਰਾ ਬਣਦਿਆਂ ਕੈਪਟਨ ਤੇ ਬਾਦਲਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਇਕ ਨੁਕਾਤੀ ਫ਼ਾਰਮੂਲਾ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ 2017 'ਚ ਪਟਿਆਲਾ, ਲੰਬੀ ਤੇ ਜਲਾਲਾਬਾਦ 'ਚ ਕੈਪਟਨ ਤੇ ਬਾਦਲਾਂ ਨੇ ਫਰੈਂਡਲੀ ਮੈਚ ਖੇਡ ਕੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਮੁਕਾਬਲੇ ਆਪਸ 'ਚ ਇਕ-ਦੂਜੇ ਨੂੰ ਜਿਤਾਇਆ ਸੀ। ਮਾਨ ਨੇ ਦੋਸ਼ ਲਾਇਆ ਕਿ ਇਸ ਫਰੈਂਡਲੀ ਮੈਚ ਦੇ ਤਹਿਤ ਬਾਦਲਾਂ ਨੇ ਪਟਿਆਲਾ ਤੋਂ ਨਵਾਂ ਤੇ ਕਮਜ਼ੋਰ ਉਮੀਦਵਾਰ ਐਲਾਨ ਕੇ ਚੋਣਾਂ ਦੌਰਾਨ ਉਸ ਦੀ (ਜਨਰਲ ਜੇ.ਜੇ. ਸਿੰਘ) ਪਾਰਟੀ ਵਲੋਂ ਕੋਈ ਮਦਦ ਹੀ ਨਹੀਂ ਕੀਤੀ, ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਕੇ ਲੰਬੀ ਅਤੇ ਜਲਾਲਾਬਾਦ ਵਾਲੀ 'ਡੀਲ' ਸਿਰੇ ਚੜ੍ਹਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ 'ਆਪ' ਵੱਲੋਂ ਲਾਏ ਦੋਸ਼ ਨਹੀਂ ਸਗੋਂ ਕੰਧ 'ਤੇ ਲਿਖਿਆ ਸੱਚ ਹੈ, ਜਿਸ ਦੀ ਬਾਅਦ 'ਚ ਅਕਾਲੀਆਂ ਅਤੇ ਕਾਂਗਰਸੀਆਂ ਦੇ 'ਸਾਂਝੇ' ਉਮੀਦਵਾਰ ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਮੇਤ ਕਈ ਹੋਰ ਆਗੂਆਂ ਨੇ ਵੀ ਪੁਸ਼ਟੀ ਕੀਤੀ ਹੈ।