ਥਾਣਾ ਮੁਖੀ ਅਤੇ ਏ. ਐੱਸ. ਆਈ.ਵਲੋਂ ਝੂਠੇ ਕੇਸ ''ਚ ਫਸਾਉਣ ਦਾ ਦੋਸ਼

01/24/2020 5:39:55 PM

ਭਾਦਸੋਂ (ਅਵਤਾਰ): ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਅਜਨੌਦਾ ਖੁਰਦ ਦੀ ਸਰਪੰਚ ਦੇ ਪਤੀ ਨੂੰ ਇਕ ਥਾਣਾ ਮੁਖੀ ਅਤੇ ਏ. ਐੱਸ. ਆਈ. ਵੱਲੋਂ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਅਤੇ ਝੂਠੇ ਮੁਕੱਦਮਿਆਂ ਵਿਚ ਫਸਾਉਣ ਦੇ ਦੋਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਪ੍ਰੈੱਸ ਕਾਨਫਰੰਸ ਕਰ ਕੇ ਪਰਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਅਜਨੌਦਾ ਖੁਰਦ ਨੇ ਦੱਸਿਆ ਕਿ ਉਸ ਦੀ ਘਰਵਾਲੀ ਸਰਪੰਚ ਹੈ। ਇਕ ਇੰਸਪੈਕਟਰ ਅਤੇ ਏ. ਐੱਸ. ਆਈ. ਨੇ 11 ਮਾਰਚ 2009 ਵਿਚ ਉਸ ਦੇ ਅਤੇ ਉਸ ਦੇ ਭਰਾ ਸੰਦੀਪ ਸਿੰਘ ਖਿਲਾਫ ਝੂਠੇ ਤੱਥਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ, ਜਿਸ ਸਬੰਧੀ ਅਸੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਫਰਿਆਦ ਕੀਤੀ। ਉਸ ਨੇ ਇਨਵੈਸਟੀਗੇਸ਼ਨ ਲਈ ਥਾਣਾ ਭਾਦਸੋਂ ਵਿਖੇ ਜੁਆਇਨ ਕਰਨ ਦਾ ਹੁਕਮ ਦਿੱਤਾ। ਇਸ ਦੌਰਾਨ ਜਦੋਂ ਉਹ ਦੋਵੇਂ ਭਰਾ 9 ਸਤੰਬਰ 2009 ਵਿਚ ਥਾਣਾ ਭਾਦਸੋਂ ਵਿਖੇ ਗਏ ਤਾਂ ਉਕਤ ਪੁਲਸ ਅਫਸਰਾਂ ਨੇ ਸਾਡੇ ਕੋਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ। ਸਾਡੇ ਵੱਲੋਂ ਪੈਸੇ ਨਾ ਦੇਣ 'ਤੇ ਉਨ੍ਹਾਂ ਸਾਡੀ ਕੁੱਟ-ਮਾਰ ਕੀਤੀ। ਮੇਰੇ ਕੰਨ ਦਾ ਪਰਦਾ ਫਟ ਗਿਆ।

ਇਸ ਸਬੰਧੀ ਅਸੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪੇਸ਼ ਹੋਏ ਤਾਂ ਮਾਣਯੋਗ ਕੋਰਟ ਨੇ ਉਕਤ ਦੋਵਾਂ ਅਫਸਰਾਂ ਖਿਲਾਫ ਚਾਰਜ ਫਰੇਮ ਕਰ ਦਿੱਤਾ। ਦੋਵਾਂ ਨੇ ਗਿਣੀ-ਮਿਥੀ ਸਾਜ਼ਿਸ਼ ਤਹਿਤ ਮੈਨੂੰ ਅਤੇ ਮੇਰੇ ਭਰਾ ਸੰਦੀਪ ਸਿੰਘ ਨੂੰ ਝੂਠੇ ਰੇਪ ਕੇਸ ਵਿਚ ਨਾਹਨ (ਸੋਲਨ) ਹਿਮਾਚਲ ਪ੍ਰਦੇਸ਼ ਵਿਖੇ ਫਸਾਇਆ। ਅਸੀਂ ਦੋਵੇਂ ਬਾਇੱਜ਼ਤ ਬਰੀ ਹੋ ਗਏ। ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਜ਼ਿਸ਼ ਤਹਿਤ ਕਿਸੇ ਅਣਪਛਾਤੇ ਕਾਰ ਚਾਲਕ ਰਾਹੀਂ ਮੇਰੇ ਉੱਪਰ ਗੱਡੀ ਚੜ੍ਹਾਅ ਕੇ ਮੈਨੂੰ ਮਾਰਨਾ ਵੀ ਚਾਹਿਆ, ਜਿਸ ਦੀ ਰਿਪੋਰਟ ਅਸੀਂ 10 ਜੂਨ 2017 ਨੂੰ ਥਾਣਾ ਬਖਸ਼ੀਵਾਲਾ ਵਿਖੇ ਦਿੱਤੀ। ਦੋਵਾਂ ਅਫਸਰਾਂ ਦੀ 'ਉੱਪਰ ਤੱਕ' ਪਹੁੰਚ ਹੋਣ ਕਰ ਕੇ ਕੋਈ ਕਾਰਵਾਈ ਨਾ ਕੀਤੀ ਗਈ। ਦੋਵੇਂ ਹੁਣ ਤੱਕ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪਰਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਵਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਇੰਸਪੈਕਟਰ ਦਾ?
ਜਦੋਂ ਇਸ ਸਬੰਧੀ ਇੰਸਪੈਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ 'ਤੇ ਲਾਏ ਦੋਸ਼ ਬੇਬੁਨਿਆਦ ਹਨ। ਪਰਵਿੰਦਰ ਸਿੰਘ ਖਿਲਾਫ ਮੇਰੇ ਥਾਣਾ ਮੁਖੀ ਲੱਗਣ ਤੋਂ ਪਹਿਲਾਂ ਹੀ ਮੁਕੱਦਮਾ ਦਰਜ ਸੀ। ਕਾਨੂੰਨੀ ਪ੍ਰਕਿਰਿਆ ਰਾਹੀਂ ਦੋਵਾਂ ਭਰਾਵਾਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਸੀ।


Shyna

Content Editor

Related News