ਪ੍ਰਧਾਨ ਮੰੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਅਨੁਸੂਚਿਤ ਜਾਤੀ ਵਾਲੇ ਪਿੰਡਾਂ ਨੂੰ ਮਿਲੇਗਾ ਲਾਭ

01/29/2020 11:55:24 PM

ਮਾਨਸਾ, (ਮਿੱਤਲ)- 50 ਫੀਸਦੀ ਤੋਂ ਜ਼ਿਆਦਾ ਅਨੁਸੂਚਿਤ ਜਾਤੀਆਂ ਦੀ ਆਬਾਦੀ ਵਾਲੇ ਪਿੰਡਾਂ 'ਚ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਲਾਗੂ ਕੀਤੀ ਗਈ ਹੈ ਜਿਸ ਤਹਿਤ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਇਸ ਸਬੰਧੀ ਬਣਾਏ ਗਏ ਵਿਕਾਸ ਪਲਾਨ ਦੀ ਪ੍ਰਵਾਨਗੀ ਸਬੰਧੀ ਸੁਝਾਅ ਮੰਗਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਅਧੀਨ ਪੂਰੇ ਪੰਜਾਬ ਦੇ 372 ਪਿੰਡਾਂ ਦੀ ਚੋਣ ਹੋਈ ਹੈ ਜਿਨ੍ਹਾਂ 'ਚੋਂ 19 ਪਿੰਡ ਜ਼ਿਲ੍ਹਾ ਮਾਨਸਾ ਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਦੇਣ ਵਿਚ ਤਰਜੀਹ ਮਿਲੇਗੀ। ਉਨ੍ਹਾਂ ਸਰਪੰਚਾਂ ਤੇ ਪੰਚਾਂ ਨੂੰ ਕਿਹਾ ਕਿ ਇਹ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ ਜਿਸ ਤਹਿਤ ਉਹ ਆਪਣੇ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਨਿੱਜੀ ਰੁਚੀ ਲੈ ਕੇ ਇਸ ਸਕੀਮ ਅਧੀਨ ਕੰਮ ਕਰਨਾ ਚਾਹੀਦਾ ਹੈ ਤਦ ਹੀ ਪਿੰਡਾਂ ਦਾ ਵਿਕਾਸ ਸੰਭਵ ਹੋ ਸਕੇਗਾ ਅਤੇ ਤਦ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਬੀ.ਡੀ.ਓ. ਸਰਪੰਚਾਂ ਦੀ ਮਦਦ ਕਰਨਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਅਧੀਨ ਆਏ ਹਰੇਕ ਪਿੰਡ ਨੂੰ 20 ਲੱਖ ਰੁਪਏ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚੁਣੇ ਗਏ ਪਿੰਡਾਂ ਲਈ ਵਿਕਾਸ ਪਲਾਨ ਬਣਾਇਆ ਗਿਆ ਹੈ ਜਿਸ ਤਹਿਤ ਪਿੰਡਾਂ ਵਿਚ ਲੋੜੀਂਦੇ ਵਿਕਾਸ ਕਾਰਜ ਪੂਰਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕਿ ਪਹਿਲ ਦੇ ਆਧਾਰ ਤੇ ਇਸ ਕੰਮ ਨੂੰ ਅਮਲ ਵਿਚ ਲਿਆਉਣਾ ਹੈ ਅਤੇ ਇਸ ਸਬੰਧੀ ਰੋਜ਼ਾਨਾ ਮੋਨੀਟਰਿੰਗ ਕੀਤੀ ਜਾਵੇਗੀ ਅਤੇ ਮਹੀਨਾਵਾਰ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੰਗੇ ਵਿਕਾਸ ਕੰਮ ਕਰਨ ਵਾਲੀਆਂ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਪੰਚਾਇਤਾਂ ਨੂੰ 5-5 ਲੱਖ ਦਾ ਇਨਾਮ ਅਤੇ ਕੌਮੀ ਪੱਧਰ ਤੇ ਪਹਿਲੇ ਨੰਬਰ ਤੇ ਆਉਣ ਵਾਲੀਆਂ ਪੰਚਾਇਤਾਂ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਸਰਪੰਚਾਂ ਨੂੰ ਕਿਹਾ ਕਿ ਸਰਪੰਚ ਆਪਣੀ ਲੀਡਰਸ਼ਿਪ ਵਿਚ ਹੀ ਪਿੰਡਾਂ ਦਾ ਮੁਹਾਂਦਰਾ ਬਦਲ ਸਕਦੇ ਹਨ, ਇਸ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਇਸ ਕੰਮ ਵਿਚ ਰੁਚੀ ਲੈਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਜਗਸੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਜਵੰਤ ਕੌਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਗੁਰਲਾਭ ਸਿੰਘ, ਐਕਸੀਐਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਜਗਜੀਤ ਸਿੰਘ, ਇੰਜੀਨੀਅਰ ਧਰਮਪਾਲ ਸਿੰਘ ਬੁੱਟਰ ਪੀ.ਐਸ.ਪੀ.ਸੀ.ਐਲ, ਏ.ਡੀ.ਓ. ਖੇਤੀਬਾੜੀ ਵਿਭਾਗ ਸ੍ਰੀ ਗੁਰਪ੍ਰੀਤ ਸਿੰਘ, ਡੀ.ਐਮ. ਪੇਡਾ ਸ੍ਰੀ ਮੱਖਣ ਲਾਲ, ਡੀ.ਪੀ.ਐਮ. ਸਿਵਲ ਸਰਜਨ ਦਫ਼ਤਰ ਸ੍ਰੀ ਅਵਤਾਰ ਸਿੰਘ, ਬੀ.ਡੀ.ਪੀ.ਓ. ਬੁਢਲਾਡਾ ਭਗਵੰਤ ਕੌਰ ਅਤੇ ਵੱਖ-ਵੱਖ ਪਿੰਡਾਂ ਦੇ ਪੰਚ ਤੇ ਸਰਪੰਚ ਮੌਜੂਦ ਸਨ।


Bharat Thapa

Content Editor

Related News