ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਸਿਵਲ ਲਾਈਨ ਕਲੱਬ ਤੋਂ ਗੁਰ. ਹਾਜੀਰਤਨ ਵਿਖੇ ਤਬਦੀਲ

10/23/2019 12:43:26 PM

ਬਠਿੰਡਾ (ਵਰਮਾ) : ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਦੱਸਿਆ ਕਿ ਸਥਾਨਕ ਸਿਵਲ ਲਾਈਨ ਕਲੱਬ ਵਿਖੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਮੰਗਲਵਾਰ ਸਵੇਰੇ ਸਤਿਕਾਰ ਨਾਲ ਗੁਰਦੁਆਰਾ ਹਾਜੀਰਤਨ ਵਿਖੇ ਤਬਦੀਲ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਝ ਧਾਰਮਿਕ ਅਤੇ ਸਮਾਜਿਕ ਵਲੋਂ ਦਿੱਤੇ ਗਏ ਮੰਗ-ਪੱਤਰ 'ਚ ਦੱਸਿਆ ਗਿਆ ਸੀ ਕਿ ਸਿਵਲ ਲਾਈਨ ਕਲੱਬ ਵਿਖੇ ਸ਼ਰਾਬ ਅਤੇ ਮਾਸ ਦਾ ਸੇਵਨ ਕੀਤਾ ਜਾਂਦਾ ਹੈ। ਇਸ ਲਈ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇੱਥੋਂ ਤਬਦੀਲ ਕਰਨਾ ਲਾਜ਼ਮੀ ਸੀ। ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਅੱਜ ਸਵੇਰੇ ਧਾਰਮਿਕ ਗ੍ਰੰਥ ਦੀ ਬੀੜ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਆਰੰਭ ਕੀਤੀ ਗਈ।

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਕਲੱਬ ਮੈਂਬਰਾਂ ਤੋਂ ਇਕ ਲਿਖਤੀ ਬੇਨਤੀ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਤਬਦੀਲ ਕਰਨ ਦਾ ਫ਼ੈਸਲਾ ਲਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਧਾਰਮਿਕ ਗ੍ਰੰਥ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਅਤੇ ਧਾਰਮਿਕ ਰਸਮਾਂ ਦੀ ਪਾਲਣਾ ਕਰਨ ਹਿੱਤ ਇਸ ਪਵਿੱਤਰ ਗ੍ਰੰਥ ਨੂੰ ਕਲੱਬ ਤੋਂ ਗੁਰਦੁਆਰਾ ਹਾਜੀਰਤਨ ਵਿਖੇ ਤਬਦੀਲ ਕੀਤਾ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਤਬਦੀਲ ਕਰਨ ਸਬੰਧੀ ਕੀਤੀ ਗਈ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸੌਂਪੀ ਗਈ ਹੈ।

PunjabKesari


cherry

Content Editor

Related News