ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਵਿੱਤ ਮੰਤਰੀ ਦੇ ਦਫਤਰ ਦਾ ਘਿਰਾਓ

01/24/2020 3:35:15 PM

ਬਠਿੰਡਾ (ਕੁਨਾਲ, ਪਰਮਿੰਦਰ) : ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਫ਼ੈਸਲੇ ਖਿਲਾਫ਼ ਅੱਜ ਮਜ਼ਦੂਰ ਸੜਕਾਂ 'ਤੇ ਉੱਤਰ ਆਏ। ਮਜ਼ਦੂਰਾਂ ਨੇ ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਬਾਅਦ 'ਚ ਵਿੱਤ ਮੰਤਰੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਸਵੀਰ ਕੌਰ ਸਰਾਂ, ਦਿਹਾਤੀ ਮਜ਼ਦੂਰ ਯੂਨੀਅਨ ਦੇ ਮਿੱਠੂ ਸਿੰਘ ਘੁੱਦਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਾਮਲਾਟ ਦੀਆਂ ਜ਼ਮੀਨਾਂ ਕੌਡੀਆਂ ਦੀ ਕੀਮਤ 'ਤੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਮਜ਼ਦੂਰ ਵਰਗ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਮਜ਼ਦੂਰ ਪਰਿਵਾਰ ਪੰਚਾਇਤੀ ਜ਼ਮੀਨਾਂ ਨੂੰ ਠੇਕੇ 'ਤੇ ਲੈ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਸਰਕਾਰ ਦਾ ਉਕਤ ਫੈਸਲਾ ਉਨ੍ਹਾਂ ਦਾ ਰੋਜ਼ਗਾਰ ਉਜਾੜ ਕੇ ਰੱਖ ਦਵੇਗਾ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਦੇ ਮਾਧਿਅਮ ਨਾਲ ਵੱਖ-ਵੱਖ ਕੰਪਨੀਆਂ ਵਲੋਂ ਕਿਸਾਨਾਂ ਤੋਂ ਜ਼ਮੀਨਾਂ ਲਈਆਂ ਗਈਆਂ ਸਨ ਪਰ ਜ਼ਿਆਦਾਤਰ ਜ਼ਮੀਨਾਂ ਲੈਣ ਤੋਂ ਬਾਅਦ ਉਥੇ ਕੋਈ ਉਦਯੋਗ ਸਥਾਪਤ ਨਹੀਂ ਕੀਤਾ ਗਿਆ। ਬਾਅਦ 'ਚ ਉਨ੍ਹਾਂ ਜ਼ਮੀਨਾਂ ਨੂੰ ਮੁਨਾਫ਼ੇ 'ਤੇ ਵੇਚ ਕੇ ਇਨ੍ਹਾਂ ਲੋਕਾਂ ਨੇ ਕਰੋੜਾਂ ਰੁਪਏ ਕਮਾ ਲਏ, ਜਦਕਿ ਕਿਸਾਨਾਂ ਦੇ ਹੱਥ ਕੁਝ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਉਕਤ ਫੈਸਲੇ ਨੂੰ ਰੱਦ ਕਰੇ ਅਤੇ ਉਕਤ ਜ਼ਮੀਨਾਂ ਦਾ ਤੀਜਾ ਹਿੱਸਾ ਬੇਜ਼ਮੀਨੇ ਅਤੇ ਬੇਘਰੇ ਮਜ਼ਦੂਰ ਪਰਿਵਾਰਾਂ ਨੂੰ ਦਿੱਤਾ ਜਾਵੇ। ਇਸ ਮੌਕੇ ਕੁਲਵੰਤ ਸਿੰਘ ਸੇਲਬਰਾਹ, ਸੇਵਕ ਸਿੰਘ ਸਰਜਾ, ਪ੍ਰਕਾਸ਼ ਸਿੰਘ ਨੰਦਗੜ੍ਹ, ਜਸਵੰਤ ਸਿੰਘ ਪੂਹਲੀ ਆਦਿ ਨੇ ਵੀ ਸੰਬੋਧਨ ਕੀਤਾ।


cherry

Content Editor

Related News