ਸਕੂਲਾਂ ਦੀ ਹਾਲਤ ਨੂੰ ਸੁਧਾਰਨ ਲਈ ਕੀਤੀ ਜਾਵੇਗੀ ਪੁਰਜ਼ੋਰ ਕੋਸ਼ਿਸ਼ : ਮਨਪ੍ਰੀਤ ਬਾਦਲ

01/06/2020 1:19:35 PM

ਬਠਿੰਡਾ (ਜ. ਬ.) : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮੰਤਵ ਨਾਲ ਸ਼ਹਿਰ ਦੇ ਦੋ ਸਕੂਲਾਂ ਲਈ 1 ਕਰੋੜ ਰੁਪਏ ਦੇ ਫੰਡ ਦੇਣ ਦੇ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਵੀ ਵਿੱਤ ਮੰਤਰੀ ਵੱਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਲਈ ਤਕਰੀਬਨ 18 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਐਤਵਾਰ ਨੂੰ ਵਿੱਤ ਮੰਤਰੀ ਨੇ ਉਚੇਚੇ ਤੌਰ 'ਤੇ ਇਨ੍ਹਾਂ ਦੋ ਸਕੂਲਾਂ ਗੌਰਮਿੰਟ ਹਾਈ ਸਕੂਲ ਮਾਲ ਰੋਡ ਅਤੇ ਚੰਦਸਰ ਬਸਤੀ ਸਕੂਲ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਅਧਿਆਪਕਾਂ ਅਤੇ ਸਕੂਲ ਦੀ ਮੈਨੇਜਮੈਂਟ ਨਾਲ ਮੀਟਿੰਗ ਕੀਤੀ। ਇਸ ਗੱਲਬਾਤ ਦੌਰਾਨ ਅਧਿਆਪਕਾਂ ਨੇ ਜੋ ਵੀ ਮੁਸ਼ਕਿਲਾਂ ਦੱਸੀਆਂ, ਵਿੱਤ ਮੰਤਰੀ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਹੱਲ ਕਰਨ ਦਾ ਭਰੋਸਾ ਜਤਾਇਆ। ਇਸ ਦੌਰੇ ਦੌਰਾਨ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

ਇਸੇ ਦੌਰਾਨ ਗੌਰਮਿੰਟ ਹਾਈ ਸਕੂਲ ਮਾਲ ਰੋਡ ਅਤੇ ਚੰਦਸਰ ਬਸਤੀ ਸਕੂਲ ਲਈ 50-50 ਲੱਖ ਦੇ ਫੰਡ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਉਨ੍ਹਾਂ ਦੱਸਿਆ ਕਿ ਇਹ ਪੈਸੇ ਇਨ੍ਹਾਂ ਸਕੂਲਾਂ ਦੇ ਨਵੀਨੀਕਰਨ, ਜਿਸ ਵਿਚ ਬੱਚਿਆਂ ਦੇ ਬੈਠਣ ਲਈ ਬੈਂਚ, ਖੇਡਣ ਲਈ ਮੈਦਾਨ, ਪੀਣ ਲਈ ਸਾਫ ਪਾਣੀ ਦਾ ਪ੍ਰਬੰਧ, ਬਲੈਕਬੋਰਡ, ਟਾਇਲਟਸ ਆਦਿ ਜਾਂ ਇਸ ਤੋਂ ਇਲਾਵਾ ਹੋਰ ਜੋ ਵੀ ਲੋੜੀਂਦੀਆਂ ਚੀਜ਼ਾਂ ਹਨ, 'ਤੇ ਖਰਚ ਕੀਤੇ ਜਾਣਗੇ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਚ ਹੋਰ ਸੁਧਾਰ ਕਰਨ ਲਈ ਸਰਕਾਰੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਨੂੰ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਵਧੇਰੇ ਪੜ੍ਹਾਈ ਕਰਨ ਅਤੇ ਚੰਗੀਆਂ ਨੌਕਰੀਆਂ ਲੈਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਇਹ ਗੱਲ ਫੇਰ ਦੁਹਰਾਈ ਕਿ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿੱਤ ਮੰਤਰੀ ਸਕੂਲਾਂ ਵਿਚ ਜਾਣ ਤੋਂ ਇਲਾਵਾ ਆਦਰਸ਼ ਨਗਰ ਵੀ ਗਏ, ਜਿਥੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਆਉਣ ਵਾਲੀਆਂ ਔਕੜਾਂ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁਹੱਲਾ ਸੁਧਾਰ ਕਮੇਟੀ ਆਦਰਸ਼ ਨਗਰ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਜੈਜੀਤ ਜੌਹਲ, ਅਰੁਣ ਵਧਾਵਨ, ਕੇ. ਕੇ. ਅਗਰਵਾਲ, ਪਵਨ ਮਾਨੀ, ਟਹਿਲ ਸੰਧੂ, ਅਸ਼ੋਕ ਪ੍ਰਧਾਨ, ਰਾਜ ਨੰਬਰਦਾਰ ਆਦਿ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵਿਅਕਤੀ ਅਤੇ ਕਾਂਗਰਸ ਦੇ ਲੀਡਰ ਸ਼ਾਮਲ ਸਨ।


cherry

Content Editor

Related News