ਸ਼ਹਾਦਤਾਂ ਦੇਣ ਵਾਲੇ ਨਾਇਕਾਂ ਨੂੰ ਦਹਾਕਿਆਂ ਬਾਅਦ ਵੀ ਨਾ ਜੁੜੀ ਕੋਈ ਯਾਦਗਾਰ

11/01/2018 1:13:56 PM

ਬਠਿੰਡਾ(ਬਿਊਰੋ)— ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਪੰਜਾਬੀ ਸੂਬਾ ਬਣਿਆ, ਉਨ੍ਹਾਂ ਦੇ ਪਰਿਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਬਾਂਹ ਫੜਨਾ ਤਾਂ ਦੂਰ ਦੀ ਗੱਲ ਹੈ, ਸਗੋਂ ਇਨ੍ਹਾਂ ਨੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਲਾਕਰ ਹੀ 'ਕਬਾੜ' ਵਿਚ ਵੇਚ ਦਿੱਤੇ ਹਨ। ਇਨ੍ਹਾਂ ਸ਼ਹੀਦਾਂ ਦੇ ਵਾਰਸ ਹੁਣ ਅਸਥੀਆਂ ਤਲਾਸ਼ ਰਹੇ ਹਨ। ਸ਼੍ਰੋਮਣੀ ਕਮੇਟੀ ਦਾ ਉਹ ਅਮਾਨਤਖਾਨਾ ਵੀ ਨਹੀਂ ਰਿਹਾ, ਜਿਸ ਵਿਚ ਸ਼ਹੀਦਾਂ ਦੀਆਂ ਸਥੀਆਂ ਸਨ। ਸਾਲ 2014 ਵਿਚ ਅਮਾਨਤਖਾਨਾ ਰੈਨੋਵੇਸ਼ਨ ਦੀ ਭੇਟ ਚੜ੍ਹ ਗਿਆ।

ਵੇਰਵਿਆਂ ਮੁਤਾਬਕ ਪੰਜਾਬੀ ਸੂਬਾ ਮੋਰਚੇ ਦੌਰਾਨ ਕਰੀਬ 43 ਸੰਘਰਸ਼ੀ ਯੋਧੇ ਸ਼ਹੀਦ ਹੋਏ ਸਨ। ਇਨ੍ਹਾਂ ਵਿਚੋਂ ਚੈੱਚਲ ਸਿੰਘ, ਜਸਵੰਤ ਸਿੰਘ, ਨਾਜ਼ਰ ਸਿੰਘ ਅਤੇ ਜਣਜੀਤ ਸਿੰਘ 9 ਅਕਤੂਬਰ 1960 ਨੂੰ ਬਠਿੰਡਾ ਜੇਲ ਵਿਚ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ। ਕਰੀਬ 12 ਸ਼ਹੀਦਾਂ ਦੇ ਵਾਰਸਾਂ ਦੀ ਅੱਜ ਤੱਕ ਪਛਾਣ ਨਹੀਂ ਹੋ ਸਕੀ। ਬਠਿੰਡਾ ਜ਼ਿਲੇ ਵਿਚ ਸ਼ਹੀਦ ਹੋਏ ਯੋਧਿਆਂ ਦੀ ਯਾਦਗਾਰ ਦਾ ਨੀਂਹ ਪੱਥਰ 27 ਫਰਵਰੀ 1971 ਨੂੰ ਸੰਤ ਫਤਿਹ ਸਿੰਘ ਨੇ ਰੱਖਿਆ ਸੀ। ਉਸ ਤੋਂ ਬਾਅਦ ਅੱਜ ਤੱਕ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਨਹੀਂ ਉੱਸਰ ਸਕੀ, ਹੁਣ ਤੱਕ ਯਾਦਗਾਰ ਦਾ ਸਿਰਫ ਨਕਸ਼ਾ ਹੀ ਬਣ ਸਕਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤੱਕ 19 ਸਾਲ 15 ਦਿਨ ਬਤੌਰ ਮੁੱਖ ਮੰਤਰੀ ਹਕੂਮਤ ਸੰਭਾਲੀ ਹੈ ਪਰ ਉਨ੍ਹਾਂ ਦੀ ਨਜ਼ਰ ਸ਼ਹੀਦਾਂ ਦੇ ਵਾਰਸਾਂ 'ਤੇ ਨਹੀਂ ਪਈ। ਜਦੋਂ ਪੰਜਾਬ ਦਿਵਸ ਆਉਂਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੇ ਵਾਰਸਾਂ ਦੇ ਜ਼ਖਮ ਮੁੜ ਹਰੇ ਹੋ ਜਾਂਦੇ ਹਨ।

ਸ਼ਹੀਦ ਚੈੱਚਲ ਸਿੰਘ ਦੇ ਲੜਕੇ ਅਜੈਬ ਸਿੰਘ ਨੇ ਦੱਸਿਆ ਕਿ ਉਹ 8 ਵਰ੍ਹਿਆਂ ਦਾ ਸੀ, ਜਦੋਂ ਪਿਤਾ ਨੇ ਪੰਜਾਬੀ ਸੂਬੇ ਖਾਤਰ ਜਾਨ ਵਾਰ ਦਿੱਤੀ। 3 ਸਾਲ ਬਾਅਦ ਮਾਂ ਵੀ ਚੱਲ ਵਸੀ। ਉਸ ਨੇ ਦੱਸਿਆ ਕਿ ਜੇਲ ਵਿਚ ਸ਼ਹੀਦ ਹੋਏ ਚਾਰੇ ਯੋਧਿਆਂ ਦੀਆਂ ਅਸਥੀਆਂ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਸਰਾਂ ਦੇ ਅਮਾਨਤਖਾਨੇ ਵਿਚ ਰੱਖੀਆਂ ਗਈਆਂ ਸਨ, ਜਿਨ੍ਹਾਂ ਨੂੰ ਯਾਦਗਾਰ ਬਣਨ ਤੋਂ ਬਾਅਦ ਉਸ ਵਿਚ ਰੱਖਿਆ ਜਾਣਾ ਸੀ। ਜਦੋਂ ਹੁਣ ਦੇਖਿਆ ਤਾਂ ਉਥੇ ਅਮਾਨਤਖਾਨਾ ਹੀ ਨਹੀਂ ਸੀ। ਅਜੈਬ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਅਸਥੀਆਂ ਵਾਲੇ ਲਾਕਰ ਕਬਾੜ ਵਿਚ ਵੇਚ ਦਿੱਤੇ ਗਏ ਹਨ। ਉਸ ਨੇ ਕਿਹਾ ਕਿ ਅਕਾਲੀ ਵਜ਼ਾਰਤ ਨੇ ਕਦੇ ਸਾਰ ਨਹੀਂ ਲਈ, ਯਾਦਗਾਰ ਬਣਾਉਣੀ ਤਾਂ ਦੂਰ ਦੀ ਗੱਲ ਹੈ। ਸ਼ਹੀਦ ਰਣਜੀਤ ਸਿੰਘ ਦੀ ਲੜਕੀ ਜਸਵੀਰ ਕੌਰ ਕਹਿੰਦੀ ਹੈ ਕਿ ਪਿਤਾ ਦੀ ਸ਼ਹੀਦੀ ਤੋਂ ਬਾਅਦ ਠੋਕਰਾਂ ਖਾ-ਖਾ ਕੇ ਵੱਡੇ ਹੋਏ। ਹੁਣ ਅਸਥੀਆਂ ਬਾਰੇ ਵੀ ਕੋਈ ਕੁੱਝ ਨਹੀਂ ਦੱਸਦਾ ਅਤੇ ਉਹ ਤਾਂ ਸਿਰਫ ਲੋਈ ਜੋਗੇ ਰਹਿ ਗਏ ਹਨ। ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨੇ ਲੋਈ ਅਤੇ ਲੱਡੂਆਂ ਦਾ ਡੱਬਾ ਦੇ ਕੇ ਮੋੜ ਦਿੱਤਾ। ਇਵੇਂ ਹੀ ਸ਼ਹੀਦ ਰਣਜੀਤ ਸਿੰਘ ਪਟਵਾਰੀ ਦੀ ਭੈਣ ਅਮਰਜੀਤ ਕੌਰ ਨਾਰਾਜ਼ ਹੈ। ਉਸ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸ਼ਹੀਦਾਂ ਦੀ ਯਾਦ ਵਿਚ ਇਕ ਗੇਟ ਤੱਕ ਨਹੀਂ ਉਸਾਰ ਸਕੀ।

cherry

This news is Content Editor cherry