ਝੋਨੇ ਦੀ ਵਿਕਰੀ ਨਾ ਹੋਣ 'ਤੇ ਕਿਸਾਨਾਂ ਦਾ ਮਰਨ ਵਰਤ ਛੇਵੇਂ ਦਿਨ ਵੀ ਜਾਰੀ

11/15/2018 4:37:35 PM

ਬਠਿੰਡਾ(ਅਮਿਤ/ਜ.ਬ.)— ਮੰਡੀਆਂ ’ਚ ਕਿਸਾਨਾਂ ਦੀ ਕਥਿਤ ਲੁੱਟ ਖਿਲਾਫ ਪਿਛਲੇ 6 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਭਾਕਿਯੂ ਏਕਤਾ (ਸਿੱਧੂਪੁਰ) ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਬੇਨਤੀਜਾ ਰਹੀ, ਜਿਸ ਕਾਰਨ ਮਰਨ ਵਰਤ ਜਾਰੀ ਰੱਖਿਆ।

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 16 ਨਵੰਬਰ ਨੂੰ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟਡ਼ਾ ਨੇ ਦੱਸਿਆ ਕਿ ਬੀਤੇ ਸ਼ਾਮ ਡਿਪਟੀ ਕਮਿਸ਼ਨਰ ਬਠਿੰਡਾ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ, ਮੀਟਿੰਗ ਵਿਚ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਸਮੱਸਿਆ ਦੇ ਹੱਲ ਲਈ 8 ਦਿਨਾਂ ਦੇ ਸਮੇਂ ਦੀ ਮੰਗ ਕੀਤੀ ਸੀ ਜਿਸ ਨੂੰ ਕਿਸਾਨਾਂ ਨੇ ਖਾਰਿਜ ਕਰ ਦਿੱਤਾ। ਬਾਅਦ ਵਿਚ ਡਿਪਟੀ ਕਮਿਸ਼ਨਰ ਨੇ ਕਿਸਾਨ ਯੂਨੀਅਨ ਤੋਂ 3 ਦਿਨਾਂ ਦਾ ਸਮਾਂ ਮੰਗਿਆ ਜਿਸ ਨੂੰ ਕਿਸਾਨਾਂ ਨੇ ਨਕਾਰ ਦਿੱਤਾ। ਅਜਿਹੇ ਵਿਚ ਮੀਟਿੰਗ ’ਚ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਹਿਲਾਂ ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਲੁੱਟ ਬੰਦ ਕਰਵਾਈ ਜਾਵੇ ਅਤੇ ਪੂਰੀ ਲਿਫਟਿੰਗ ਕਰਵਾਈ ਜਾਵੇ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਬੋਘ ਸਿੰਘ ਮਾਨਸਾ ਤੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਸਰਕਾਰ ਨੂੰ ਮਜਬੂਰ ਕਰਨ ਲਈ 16 ਨਵੰਬਰ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮੌਕੇ ਅਰਜੁਨ ਸਿੰਘ ਫੂਲ, ਰਣਜੀਤ ਸਿੰਘ ਜੀਦਾ, ਦਰਸ਼ਨ ਸਿੰਘ ਖੇਮੂਆਣਾ, ਗੁਰਮੇਲ ਸਿੰਘ ਲਹਿਰਾ, ਕਰਨੈਲ ਸਿੰਘ, ਗੰਗਾ ਸਿੰਘ ਚੱਠੇਵਾਲਾ, ਕੁਲਵੰਤ ਸਿੰਘ ਨੇਹੀਆਂਵਾਲਾ, ਬੇਅੰਤ ਸਿੰਘ ਮਹਿਮਾ ਸਰਜਾ ਆਦਿ ਮੌਜੂਦ ਸਨ। ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਮਰਨ ਵਰਤ ’ਤੇ ਬੈਠੇ 4 ਕਿਸਾਨਾਂ ਦੀ ਹਾਲਤ ਵਿਗਡ਼ ਰਹੀ ਹੈ, ਜੇਕਰ ਉਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।

cherry

This news is Content Editor cherry