ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ CCI ਦਫਤਰ ਅੱਗੇ ਲਾਇਆ ਧਰਨਾ

11/22/2019 3:39:18 PM

ਬਠਿੰਡਾ (ਅਮਿਤ ਸ਼ਰਮਾ,ਪਰਮਿੰਦਰ) : ਨਰਮੇ-ਕਪਾਹ ਦੀ ਸਰਕਾਰੀ ਖਰੀਦ ਸ਼ੁਰੂ ਨਾ ਕਰਨ ਤੋਂ ਭੜਕੇ ਚਾਰ ਜ਼ਿਲਿਆਂ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਕਿਸਾਨਾਂ ਨੇ ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਸੀ. ਸੀ. ਆਈ. (ਕਾਟਨ ਕਾਰਪੋਰੇਸ਼ਨ ਆਫ ਇੰਡੀਆ) ਦੇ ਦਫ਼ਤਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ।

PunjabKesari

ਇਸ ਮੌਕੇ ਕਿਸਾਨਾਂ ਨੇ ਵਿਭਾਗ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਯੂਨੀਅਨ ਦੇ ਸੂਬਾਈ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਪਾਹ ਦੀ ਅੱਧੀ ਫਸਲ ਵਿਕ ਚੁੱਕੀ ਹੈ ਪਰ ਸੀ. ਸੀ. ਆਈ. ਨੇ ਅਜੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਕੀਤੀ। ਕੁਝ 1-2 ਮੰਡੀਆਂ ਵਿਚ ਏਜੰਸੀ ਦੇ ਇੰਸਪੈਕਟਰ ਗਏ ਹਨ ਪਰ ਉਨ੍ਹਾਂ ਵੀ ਨਮੀ ਤੇ ਕੁਆਲਿਟੀ ਦੀ ਗੱਲ ਕਹਿ ਕੇ ਖਰੀਦ ਤੋਂ ਹੱਥ ਖਿੱਚ ਲਏ। ਇਸ ਕਰ ਕੇ ਕਿਸਾਨਾਂ ਨੂੰ ਆਪਣੀ ਫਸਲ ਬੇਹੱਦ ਘੱਟ ਰੇਟਾਂ 'ਤੇ ਨਿੱਜੀ ਵਪਾਰੀਆਂ ਨੂੰ ਵੇਚਣੀ ਪਈ, ਜਿਸ ਕਾਰਣ ਉਨ੍ਹਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ।

ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਦੇ ਅਨੁਸਾਰ ਕਪਾਹ ਦੀ ਕੀਮਤ 8000 ਰੁਪਏ ਪ੍ਰਤੀ ਕੁਇੰਟਲ ਹੋਣੀ ਚਾਹੀਦੀ ਪਰ ਸਰਕਾਰ ਵੱਲੋਂ ਕੇਵਲ 5450 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ ਤੇ ਇਹ ਕੀਮਤ ਵੀ ਕਿਸਾਨਾਂ ਨੂੰ ਪੂਰਾ ਨਹੀਂ ਮਿਲ ਰਿਹਾ। ਸ੍ਰੀ ਮੁਕਤਸਰ ਦੇ ਪ੍ਰਧਾਨ ਪੂਰਣ ਸਿੰਘ ਦੋਦਾ ਅਤੇ ਫਾਜ਼ਿਲਕਾ ਦੇ ਕਾਰਜਕਾਰੀ ਸਕੱਤਰ ਸਤਪਾਲ ਸਿੰਘ ਨੇ ਦੋਸ਼ ਲਾਏ ਕਿ ਅਸਲ 'ਚ ਸਰਕਾਰ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਦੀ ਤਾਕ 'ਚ ਹੈ, ਜਿਸ ਨੂੰ ਕਿਸੀ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ 'ਚ ਜਲਦ ਏਜੰਸੀ ਦਾ ਅਮਲਾ ਭੇਜ ਕੇ ਖਰੀਦ ਸ਼ੁਰੂ ਕਰਵਾਈ ਜਾਵੇ ਤੇ ਕਿਸਾਨਾਂ ਨੂੰ 24 ਘੰਟਿਆਂ 'ਚ ਫ਼ਸਲ ਦੀ ਅਦਾਇਗੀ ਕੀਤੀ ਜਾਵੇ।

ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ, ਬਸੰਤ ਸਿੰਘ ਕੋਠਾਗੁਰੂ, ਉੱਤਮ ਸਿੰਘ ਰਾਮਨੰਦੀ, ਗੁਰਭਗਤ ਸਿੰਘ ਭਲਾਈਆਣਾ, ਸਤਪਾਲ ਸਿੰਘ, ਮਹਿਲਾ ਆਗੂ ਹਰਿੰਦਰ ਬਿੰਦੂ, ਮਾਲਣ ਕੌਰ ਕੋਠਾਗੁਰੂ, ਸਹਿਯੋਗੀ ਸੰਗਠਨ ਭਾਕਿਯੂ (ਡਕੌਂਦਾ) ਦੇ ਜ਼ਿਲਾ ਸੀਨੀਅਰ ਪ੍ਰਧਾਨ ਰਾਜਵਿੰਦਰ ਸਿੰਘ ਕੋਟਭਾਰਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਅਜਮੇਰ ਸਿੰਘ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।


cherry

Content Editor

Related News