ਪੰਜਾਬ ਦੇ ਵੱਡੇ ਅਫਸਰਾਂ ਨੂੰ ਹੱਥ ਪਾਉਣ ਤੋਂ ਡਰ ਰਿਹੈ ਪਾਵਰਕਾਮ

06/20/2019 1:34:20 PM

ਬਠਿੰਡਾ(ਵੈੱਬ ਡੈਸਕ) : ਬਿੱਲ ਨਾ ਭਰਨ 'ਤੇ ਬਿਜਲੀ ਮਹਿਕਮਾ ਭਾਵੇਂ ਹੀ ਆਮ ਲੋਕਾਂ 'ਤੇ ਲਗਾਮ ਕੱਸਣ 'ਚ ਦੇਰੀ ਨਾ ਲਾਉਂਦਾ ਹੋਵੇ ਪਰ ਵੱਡੇ ਅਫਸਰਾਂ 'ਤੇ ਹੱਥ ਪਾਉਣ ਤੋਂ ਡਰਦਾ ਹੈ। ਪੰਜਾਬ 'ਚ ਵੱਡੇ ਅਫਸਰਾਂ ਦੇ ਬਿਜਲੀ ਬਿੱਲ ਛੋਟੇ ਹਨ। ਜਿਨ੍ਹਾਂ ਅਫਸਰਾਂ ਦੇ ਬਿੱਲ ਵੱਡੇ ਹਨ, ਉਹ ਬਿੱਲ ਤਾਰਦੇ ਹੀ ਨਹੀਂ। ਚੰਡੀਗੜ੍ਹ ਦੇ ਐਨ ਨਾਲ ਜ਼ਿਲਾ ਰੋਪੜ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਹੈ। ਗਰਮੀ ਹੋਵੇ ਚਾਹੇ ਸਰਦੀ, ਬਿਜਲੀ ਖਪਤ ਕਦੇ ਜ਼ੀਰੋ ਤੋਂ ਨਹੀਂ ਵਧੀ। ਇਵੇਂ ਰੋਪੜ ਦੇ ਐੱਸ.ਐੱਸ.ਪੀ ਦੀ ਕੋਠੀ 'ਚ ਬਿਜਲੀ ਖਪਤ ਵੀ ਜ਼ੀਰੋ ਯੂਨਿਟ ਹੈ। ਜੋ ਰੋਪੜ ਦੇ ਐੱਸ.ਪੀ (ਰਿਹਾਇਸ਼) ਦੇ ਨਾਮ 'ਤੇ ਬਿੱਲ ਆਉਂਦਾ ਹੈ, ਉਸ ਬਿੱਲ ਦਾ ਬਕਾਇਆ ਕਰੀਬ 1.46 ਲੱਖ ਤਾਰਿਆ ਨਹੀਂ ਗਿਆ। 'ਪੰਜਾਬੀ ਟ੍ਰਿਬਿਊਨ' ਵੱਲੋਂ ਸੂਚਨਾ ਅਧਿਕਾਰ ਕਾਨੂੰਨ ਅਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਵੇਰਵਿਆਂ 'ਚ ਇਹ ਤੱਥ ਉਭਰੇ ਹਨ।

ਐੱਸ.ਐੱਸ.ਪੀ ਗੁਰਦਾਸਪੁਰ ਦੀ ਰਿਹਾਇਸ਼ 'ਚ ਚਾਰ ਮੀਟਰ ਲੱਗੇ ਹਨ ਜਿਨ੍ਹਾਂ ਚੋਂ ਇੱਕ ਮੀਟਰ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਤੋਂ ਟੱਪੀ ਨਹੀਂ ਜਦੋਂ ਕਿ ਦੂਸਰੇ ਮੀਟਰ ਦੀ 61 ਦਿਨਾਂ ਦੀ ਖਪਤ 66 ਯੂਨਿਟ ਆਈ ਹੈ। ਤੀਸਰੇ ਮੀਟਰ ਦੀ ਸੂਈ ਵੀ ਜ਼ੀਰੋ 'ਤੇ ਅਟਕੀ ਹੋਈ ਹੈ। ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ ਦੀ ਜੋ ਪਾਵਰ ਕਲੋਨੀ ਵਿਚਲੀ ਰਿਹਾਇਸ਼ ਹੈ, ਉਸ ਦੇ ਤਾਜ਼ਾ ਬਿੱਲ ਅਨੁਸਾਰ 64 ਦਿਨਾਂ ਦੀ ਬਿਜਲੀ ਖਪਤ (3 ਅਪਰੈਲ ਤੋਂ 6 ਜੂਨ ਤੱਕ) ਸਿਰਫ਼ 12 ਯੂਨਿਟ ਰਹੀ ਹੈ। ਹੁਸ਼ਿਆਰਪੁਰ ਦੇ ਐੱਸ.ਐੱਸ.ਪੀ (ਰਿਹਾਇਸ਼) ਮਾਲ ਰੋਡ, ਦਾ ਜੋ 23 ਫਰਵਰੀ ਤੋਂ 27 ਅਪਰੈਲ (63 ਦਿਨਾਂ) ਦਾ ਬਿੱਲ ਆਇਆ ਹੈ, ਉਸ 'ਚ ਸਿਰਫ਼ 74 ਯੂਨਿਟਾਂ ਦੀ ਖ਼ਪਤ ਹੈ। ਰਿਹਾਇਸ਼ ਵਿਚਲੇ ਦੂਸਰੇ ਕੁਨੈਕਸ਼ਨ ਦੀ ਬਿਜਲੀ ਖਪਤ 120 ਦਿਨਾਂ ਦੀ 7231 ਯੂਨਿਟ ਰਹੀ ਹੈ। ਸੂਤਰ ਦੱਸਦੇ ਹਨ ਕਿ ਇਹ ਦੂਸਰਾ ਕੁਨੈਕਸ਼ਨ ਕੈਂਪ ਦਫ਼ਤਰ ਦਾ ਹੋ ਸਕਦਾ ਹੈ, ਜਿਸ ਦਾ ਬਿੱਲ ਖ਼ਜ਼ਾਨੇ ਚੋਂ ਭਰਿਆ ਜਾਂਦਾ ਹੈ। ਵੇਰਵਿਆਂ ਅਨੁਸਾਰ ਕਮਿਸ਼ਨਰ ਜਲੰਧਰ ਦੀ ਰਿਹਾਇਸ਼ ਦਾ ਜੋ ਤਾਜ਼ਾ ਬਿਜਲੀ ਬਿੱਲ ਹੈ, ਉਸ ਅਨੁਸਾਰ ਰਿਹਾਇਸ਼ ਦੀ 8 ਅਪਰੈਲ ਤੋਂ 7 ਜੂਨ ਤੱਕ ਦੀ ਬਿਜਲੀ ਖਪਤ ਔਸਤਨ ਰੋਜ਼ਾਨਾ 4 ਯੂਨਿਟ ਦੀ ਰਹੀ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ (ਰਿਹਾਇਸ਼) ਦਾ ਜੋ ਤਾਜ਼ਾ ਬਿੱਲ ਆਇਆ ਹੈ, ਉਸ ਅਨੁਸਾਰ 32 ਦਿਨਾਂ ਦੀ ਬਿਜਲੀ ਖਪਤ 86 ਯੂਨਿਟ ਰਹੀ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਜੋ ਤਾਜ਼ਾ ਬਿੱਲ ਬਣਿਆ ਹੈ, ਉਸ ਅਨੁਸਾਰ 63 ਦਿਨਾਂ ਦੀ ਬਿਜਲੀ ਖਪਤ 118 ਯੂਨਿਟ ਰਹੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਿਹਾਇਸ਼ 'ਤੇ ਦੋ ਮੀਟਰ ਚੱਲਦੇ ਹਨ, ਇੱਕ ਦਾ ਬਿੱਲ 13.56 ਲੱਖ ਅਤੇ ਦੂਸਰੇ ਮੀਟਰ ਦਾ ਬਿੱਲ 1.62 ਲੱਖ ਰੁਪਏ ਬਕਾਇਆ ਖੜ੍ਹਾ ਹੈ। ਐੱਸ.ਐੱਸ.ਪੀ ਅੰਮ੍ਰਿਤਸਰ ਦੇ ਨਾਮ ਉੱਤੇ ਚੱਲਦੇ ਕੁਨੈਕਸ਼ਨ ਵੱਲ 4.87 ਲੱਖ ਦੇ ਬਕਾਏ ਖੜ੍ਹੇ ਹਨ। ਦੱਸਣਯੋਗ ਹੈ ਕਿ ਅਫਸਰਾਂ ਨੂੰ ਆਪਣੇ ਘਰਾਂ ਦਾ ਬਿਜਲੀ ਬਿੱਲ ਜੇਬ 'ਚੋਂ ਤਾਰਨਾ ਹੁੰਦਾ ਹੈ। ਤੱਥਾਂ ਅਨੁਸਾਰ ਫਰੀਦਕੋਟ ਦੇ ਐੱਸ.ਐੱਸ.ਪੀ ਦੀ ਰਿਹਾਇਸ਼ ਵੱਲ ਪਾਵਰਕੌਮ ਦੇ 6.43 ਲੱਖ ਦੇ ਬਕਾਏ ਦੇ ਖੜ੍ਹੇ ਹਨ ਜਦੋਂ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਮੀਟਰ ਦੇ 2.88 ਲੱਖ ਦੇ ਬਕਾਏ ਤਾਰੇ ਨਹੀਂ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪਾਵਰਕੌਮ ਅਧਿਕਾਰੀ ਹੁਣ ਵੱਡਿਆਂ ਤੋਂ ਸ਼ੁਰੂਆਤ ਕਰਨ।

cherry

This news is Content Editor cherry